Engineers Day: ਆਧੁਨਿਕ ਤਕਨਾਲੋਜੀ ਅਨੁਸਾਰ ਹੁਨਰ ਵਿਕਾਸ ਦਾ ਅਹਿਦ
ਇੰਜਨੀਅਰਜ਼ ਦਿਵਸ ਮੌਕੇ ਇੰਜਨੀਅਰਾਂ ਲੲੀ ਬਣਦਾ ਰੁਤਬਾ ਤੇ ਸਨਮਾਨ ਮੰਗਿਆ
ਪੰਜਾਬੀ ਇੰਜਨੀਅਰਜ਼ ਵੈੱਲਫੇਅਰ ਸੁਸਾਇਟੀ (ਪਿਊਸ) ਵੱਲੋਂ ਮੈਗਸੀਪਾ, ਸੈਕਟਰ-26, ਚੰਡੀਗੜ੍ਹ ਵਿੱਚ ਇੰਜਨੀਅਰਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਇੰਜਨੀਅਰਾਂ ਨੇ ਆਧੁਨਿਕ ਤਕਨਾਲੋਜੀ ਦੇ ਯੁੱਗ ਵਿੱਚ ਖ਼ੁਦ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਲਗਾਤਾਰ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦਾ ਸਾਂਝਾ ਪ੍ਰਣ ਲਿਆ।
ਪਿਊਸ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਇੰਜਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਬਣਦਾ ਰੁਤਬਾ, ਸਨਮਾਨ ਅਤੇ ਮਹੱਤਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਪੁਲਾਂ, ਇਮਾਰਤਾਂ, ਸ਼ਹਿਰੀ ਵਿਕਾਸ, ਪਾਣੀ, ਸੈਨੀਟੇਸ਼ਨ, ਸਿੰਚਾਈ, ਉਦਯੋਗਿਕ ਅਤੇ ਤਕਨੀਕੀ ਬੁਨਿਆਦੀ ਢਾਂਚੇ ਸਮੇਤ ਦੇਸ਼ ਦੇ ਲਗਪਗ ਹਰ ਵਿਕਾਸ ਕਾਰਜ ਦੇ ਪਿੱਛੇ ਇੰਜਨੀਅਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ, “ਇੰਨੀ ਵੱਡੀ ਜ਼ਿੰਮੇਵਾਰੀ ਨਿਭਾਉਣ ਵਾਲੇ ਇੰਜਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਰੁਤਬਾ ਅਤੇ ਮਹੱਤਤਾ ਨਾ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਮੁੱਦੇ ’ਤੇ ਸਰਕਾਰ ਅਤੇ ਸਮਾਜ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।’’ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਭੋਲਾ ਰਾਮ ਗੁਰਜਰ, ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਦੌਰ ਵਿੱਚ ਸਿਰਫ਼ ਡਿਗਰੀ ਜਾਂ ਪੁਰਾਣਾ ਤਜਰਬਾ ਕਾਫ਼ੀ ਨਹੀਂ ਹੈ। ਇੰਜਨੀਅਰਾਂ ਨੂੰ ਲਗਾਤਾਰ ਨਵੀਆਂ ਤਕਨੀਕਾਂ ਸਿੱਖਣ, ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਅਤੇ ਆਪਣੀ ਸੋਚ ਤੇ ਪੇਸ਼ੇਵਰ ਸਮਰੱਥਾ ਨੂੰ ਸਮੇਂ ਅਨੁਸਾਰ ਵਿਕਸਿਤ ਕਰਨ ਦੀ ਲੋੜ ਹੈ।
ਸਮਾਗਮ ਦੌਰਾਨ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਲੋਕ ਨਿਰਮਾਣ ਵਿਭਾਗ, ਗਮਾਡਾ, ਜਲ ਸਰੋਤ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਆਈ ਆਈ ਟੀ ਰੋਪੜ ਦੇ ਉੱਤਮ ਇੰਜਨੀਅਰਿੰਗ ਪ੍ਰਾਜੈਕਟਾਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਇੰਜੀ. ਰਸ਼ਪਾਲ ਸਿੰਘ ਬੁੱਟਰ ਨੇ ਕਿਹਾ ਕਿ ਪਿਊਸ ਪੰਜਾਬ ਤੇ ਚੰਡੀਗੜ੍ਹ ਦੇ ਇੰਜਨੀਅਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਪੇਸ਼ੇਵਰ ਵਿਕਾਸ, ਹੱਕਾਂ ਅਤੇ ਸਨਮਾਨ ਲਈ ਲਗਾਤਾਰ ਕੰਮ ਕਰੇਗੀ। ਇਸ ਮੌਕੇ ਪੁੱਡਾ ਦੇ ਮੁੱਖ ਇੰਜਨੀਅਰ ਅਨੁਜ ਸਹਿਗਲ, ਗਮਾਡਾ ਦੇ ਮੁੱਖ ਇੰਜਨੀਅਰ ਅਜੇ ਗਰਗ, ਲੋਕਲ ਬਾਡੀਜ਼ ਦੇ ਮੁੱਖ ਇੰਜਨੀਅਰ ਨਰੇਸ਼ ਬੱਤਾ, ਦਵਿੰਦਰ ਸਿੰਘ, ਵਿਨੋਦ ਚੌਧਰੀ, ਮਨਦੀਪ ਸਿੰਘ ਲਾਚੋਵਾਲ, ਨਰੇਸ਼ ਇੰਦਰ ਸਿੰਘ ਵਾਲੀਆ ਆਦਿ ਮੌਜੂਦ ਸਨ।

