ਪਰਲਜ਼ ਦੀ ਮਾਲਕੀ ਵਾਲੇ ਵਿਵਾਦਤ ਸੈਕਟਰਾਂ ’ਚ ਕਬਜ਼ੇ ਹੋਣ ਲੱਗੇ
ਸੈਕਟਰ 100 ਅਤੇ 104 ਵਿੱਚ ਵੱਡੇ ਪੱਧਰ ’ਤੇ ਹੋ ਰਹੀਆਂ ਉਸਾਰੀਆਂ ਸ਼ੱਕੀ
ਪਰਲਜ਼ ਕੰਪਨੀ ਦੀ ਮਲਕੀਅਤ ਵਾਲੇ ਮੁਹਾਲੀ ਦੇ ਸੈਕਟਰ 100 ਅਤੇ 104 ਵਿੱਚ ਇਨ੍ਹੀਂ ਦਿਨੀਂ ਵੱਡੇ ਪੱਧਰ ’ਤੇ ਪਲਾਟਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ। ਦੋਵਾਂ ਸੈਕਟਰਾਂ ਵਿੱਚ ਪਿਛਲੇ ਇੱਕ ਵਰ੍ਹੇ ਤੋਂ ਪਲਾਟਾਂ ਦੀਆਂ ਉਸਾਰੀਆਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇੱਥੇ ਦਰਜਨਾਂ ਕੋਠੀਆਂ ਦੀਆਂ ਉਸਾਰੀਆਂ ਹੋ ਰਹੀਆਂ ਹਨ। ਵਿਵਾਦਾਂ ਵਿੱਚ ਘਿਰੀ ਪਰਲਜ਼ ਕੰਪਨੀ ਦੀਆਂ ਸਮੁੱਚੀਆਂ ਜਾਇਦਾਦਾਂ ਦੀ ਖ਼ਰੀਦ-ਵੇਚ ’ਤੇ ਰੋਕ ਲੱਗੀ ਹੋਈ ਹੈ ਅਤੇ ਅਦਾਲਤ ਦੇ ਨਿਰਦੇਸ਼ਾਂ ’ਤੇ ਲੋਧਾ ਕਮੇਟੀ ਵੱਲੋਂ ਸਾਰੇ ਮਾਮਲੇ ਦੀ ਪਿਛਲੇ ਕਈ ਵਰ੍ਹਿਆਂ ਤੋਂ ਜਾਂਚ ਜਾਰੀ ਹੈ।
ਸੈਕਟਰ 100 ਵਿੱਚ ਕਿਸਾਨਾਂ ਦੀ ਅਣਵਿਕੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪਿੰਡ ਦੁਰਾਲੀ ਦੇ ਕਿਸਾਨ ਕਿਰਪਾਲ ਸਿੰਘ, ਕੁਲਵੰਤ ਸਿੰਘ, ਗੁਰਨਾਮ ਸਿੰਘ, ਕਰਤਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਜਦੋਂ ਆਪਣੇ ਖੇਤ ਗਏ ਤਾਂ ਉੱਥੇ ਜੇ ਸੀ ਬੀ ਲੈ ਕੇ ਪਹੁੰਚੇ ਦੋ-ਤਿੰਨ ਵਿਅਕਤੀ ਪਲਾਟ ਦੀਆਂ ਨੀਹਾਂ ਪੁੱਟਣ ਦੀ ਤਿਆਰੀ ਵਿੱਚ ਸਨ। ਖੇਤ ਦੇ ਆਲੇ-ਦੁਆਲੇ ਲਾਈ ਕੰਡੇਦਾਰ ਤਾਰ ਅਤੇ ਪਿੱਲਰ ਪੁੱਟ ਦਿੱਤੇ ਸਨ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ 15 ਕਨਾਲ ਜ਼ਮੀਨ ਤਾਂ ਪਰਲਜ਼ ਨੂੰ ਵੇਚੀ ਹੀ ਨਹੀਂ ਸੀ ਅਤੇ ਬਾਕਾਇਦਾ ਇਸ ਜ਼ਮੀਨ ’ਤੇ ਖੇਤੀ ਕੀਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਸਬੰਧਿਤ ਵਿਅਕਤੀ ਇੱਥੇ ਆਪਣਾ ਪਲਾਟ ਹੋਣ ਦਾ ਦਾਅਵਾ ਕਰ ਰਿਹਾ ਸੀ ਪਰ ਜਦੋਂ ਉਨ੍ਹਾਂ ਆਪਣੀ ਜ਼ਮੀਨ ਦਾ ਰਿਕਾਰਡ ਵਿਖਾਇਆ ਤਾਂ ਉਹ ਉੱਥੋਂ ਖ਼ਿਸਕ ਗਏ।
ਇਸ ਤੋਂ ਪਹਿਲਾਂ ਪਿੰਡ ਸੁਖਗੜ੍ਹ ਦੀ ਪੰਚਾਇਤੀ ਜ਼ਮੀਨ ਦੇ ਰਸਤਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਜੋ ਕਿ ਪੰਚਾਇਤ ਦੀ ਪੈਰਵੀ ਕਾਰਨ ਸਿਰੇ ਨਹੀਂ ਸੀ ਚੜ੍ਹ ਸਕਿਆ। ਸਬੰਧਿਤ ਖੇਤਰ ਦੇ ਵਸਨੀਕਾਂ ਨੇ ਦੱਸਿਆ ਕਿ ਜ਼ਿਆਦਾਤਰ ਉਸਾਰੀਆਂ ਬਾਰਸੂਖ਼ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਪਲਾਟ ਬਾਜ਼ਾਰੀ ਕੀਮਤ ਨਾਲੋਂ ਕਾਫ਼ੀ ਜ਼ਿਆਦਾ ਘੱਟ ਕੀਮਤ ’ਤੇ ਖ਼ਰੀਦੇ-ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਪਲਾਟਾਂ ਦੀ ਖ਼ਰੀਦ-ਵੇਚ ਨਾਲ ਜੁੜਿਆ ਨਵਾਂ ਘੁਟਾਲਾ ਸਾਹਮਣੇ ਆ ਸਕਦਾ ਹੈ।
ਦੁਰਾਲੀ ਦੇ ਕਿਸਾਨਾਂ ਨੇ ਉਨ੍ਹਾਂ ਦੀ ਅਣਵਿਕੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਭਵਿੱਖ ਵਿਚ ਅਜਿਹਾ ਕਰਨ ਤੋਂ ਰੋਕੇ ਜਾਣ ਲਈ ਵੀ ਆਖਿਆ।

