ਫਾਸ਼ੀਵਾਦ, ਧਰੁਵੀਕਰਨ ਤੇ ਕਾਰਪੋਰੇਟਾਂ ਵਿਰੁੱਧ ਡਟਣ ’ਤੇ ਜ਼ੋਰ
ਸਾਹਿਤ ਚਿੰਤਨ ਵੱਲੋਂ ‘ਜਿਓ ਪੌਲਟਿਕਸ’ ਕਿਤਾਬ ’ਤੇ ਚਰਚਾ; ਰਾਜਨੀਤੀ ਨੂੰ ਸਮਝਣ ਦੀ ਅਪੀਲ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪ੍ਰੋ. ਜੈਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਨਵਨੀਤ ਚਤੁਰਵੇਦੀ ਦੀ ਪੁਸਤਕ ‘ਜਿਓ ਪੌਲਟਿਕਸ’ ਬਾਰੇ ਚਰਚਾ ਕੀਤੀ ਗਈ।
ਪੁਸਤਕ ਬਾਰੇ ਚਰਚਾ ਕਰਦਿਆਂ ਪ੍ਰੋ. ਮਨਪ੍ਰੀਤ ਜੱਸ ਨੇ ਕਿਹਾ ਕਿ ਤਕੜੇ ਮੁਲਕ ਮਾੜੇ ਮੁਲਕਾਂ ਦੀ ਹੋਣੀ ਤੈਅ ਕਰਦੇ ਹਨ। ਉਹ ਝੂਠੇ ਬਿਰਤਾਂਤ ਸਿਰਜ ਕੇ ਲੋਕਾਂ ਦੀ ਮਾਨਸਿਕਤਾ ਬਦਲਦੇ ਹਨ। ਉਨ੍ਹਾਂ ਕਿਹਾ, ‘‘ਕਾਰਪੋਰੇਟ ਘਰਾਣੇ ਸਟੇਟ ਦੀ ਸੰਪੱਤੀ ’ਤੇ ਸਾਧਨਾਂ ’ਤੇ ਕਾਬਜ਼ ਹੋ ਕੇ ਨਵ-ਬਸਤੀਵਾਦ ਲਈ ਰਾਹ ਪੱਧਰਾ ਕਰਦੇ ਹਨ। ਸੰਘ ਤੇ ਵਿਵੇਕਾਨੰਦ ਫਾਊਂਡੇਸ਼ਨ ਵੀ ਕਾਰਪੋਰੇਟਾਂ ਦੇ ਹਿੱਤ ਪੂਰਦੇ ਹਨ। ਸਾਡੀ ਵਿੱਤੀ ਤੇ ਵਿਦੇਸ਼ ਨੀਤੀ ਦੀ ਡੋਰ ਅਮਰੀਕੀ ਸਾਮਰਾਜ ਦੇ ਹੱਥ ਹੈ ਜਦਕਿ ਸੱਤਾ ਤੇ ਧਰਮ ਦਾ ਗੱਠਜੋੜ ਫਾਸ਼ੀਵਾਦ ਦੀ ਬੁਨਿਆਦ ਹੈ।’’
ਸ੍ਰੀ ਸ਼ਬਦੀਸ਼ ਨੇ ਕਿਹਾ ਕਿ ਸਿਆਸਤ ਵਿੱਚ ਕੋਈ ਪੱਕਾ ਦੋਸਤ ਨਹੀਂ ਹੁੰਦਾ, ਆਪਣਾ ਸਵਾਰਥ ਹੀ ਪੱਕਾ ਦੋਸਤ ਹੁੰਦਾ ਹੈ। ਹਿੰਦੂ ਰਾਸ਼ਟਰ ਦਾ ਧਰੁਵੀਕਰਨ ਕਾਰਪੋਰੇਟਾਂ ਨੂੰ ਰਾਸ ਆਉਂਦਾ ਹੈ, ਜਿਸ ਕਰ ਕੇ ਲੜਾਈ ਲਈ ਸਿਧਾਂਤਕ ਤੌਰ ’ਤੇ ਤਕੜਾ ਹੋਣਾ ਪਵੇਗਾ।
ਡਾ. ਜਗਦੀਸ਼ ਚੰਦਰ ਨੇ ਕਿਹਾ, ‘‘ਸਾਡੇ ਹਾਕਮਾਂ ਨੇ ਕਿਰਤੀਆਂ ਨੂੰ ਭਿਖਾਰੀ ਬਣਾ ਦਿੱਤਾ ਹੈ। ਅਮਰੀਕੀ ਸਮਝੌਤੇ ਨਾਲ ਕਿਸਾਨੀ ਨੂੰ ਰੋਲ ਰਹੇ ਹਨ। ਵਿਸ਼ਵ ਗੁਰੂ ਵਿਸ਼ਵ ਚੇਲਾ ਬਣਨ ਦੇ ਵੀ ਕਾਬਿਲ ਨਹੀਂ ਹੈ। ਨਵੇਂ ਸਮੀਕਰਨ ਸਿਰਜਣ ਲਈ ਇਰਾਨ ਪਹਿਲੇ ਨੰਬਰ ’ਤੇ ਹੈ।’’ ਪ੍ਰੋ. ਸ਼ਸ਼ੀ ਕਾਂਤ ਨੇ ਕਿਹਾ ਕਿ ਜਿਓ ਪੌਲਟਿਕਸ ਨੂੰ ਸਮਝਣਾ ਅਤੀ ਜ਼ਰੂਰੀ ਹੈ। ਸੱਜਣ ਸਿੰਘ ਨੇ ਲੇਖਕ ਵੱਲੋਂ ਪੰਜਾਬ ਤੋਂ ਰਾਜ ਸਭਾ ਚੋਣ ਲੜਨ ਦਾ ਕਾਰਨ ਪੁੱਛਿਆ। ਨਵਨੀਤ ਚਤੁਰਵੇਦੀ ਨੇ ਕਿਹਾ, ‘‘ਜਿਓ ਪੌਲੀਟਿਕਸ ਨੂੰ ਅੰਦਰੋਂ ਸਮਝਣ ਲਈ ਉਸ ਨੂੰ ਖ਼ੁਦ ਸਿਆਸਤ ਵਿੱਚ ਕੁੱਦਣਾ ਪਿਆ।’’ ਡਾ. ਜਸਪਾਲ ਸਿੰਘ, ਪਰਮਿੰਦਰ ਸਿੰਘ ਗਿੱਲ, ਡਾ. ਕਾਂਤਾ ਇਕਬਾਲ ਨੇ ਵੀ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ। ਪ੍ਰੋ. ਜੈਪਾਲ ਸਿੰਘ ਨੇ ਕਿਹਾ, ‘‘ਐਪਸਟੀਨ ਫਾਈਲਾਂ ’ਚ ਸਾਡੇ ਹਾਕਮਾਂ ਦੇ ਨਾਮ ਬੋਲ ਰਹੇ ਹਨ। ਭਾਰਤ ਦੇ ਇਜ਼ਰਾਈਲ ਨਾਲ ਸਬੰਧ ਲੋਕ ਹਿੱਤ ਵਾਲੇ ਨਹੀਂ ਹਨ। ਧਾਰਮਿਕ ਸੰਗਠਨਾਂ ਨੂੰ ਅਮਰੀਕਾ ਤੇ ਕਾਰਪੋਰੇਟਾਂ ਤੋਂ ਚੰਦਾ ਮਿਲਦਾ ਹੈ। ਇਰਾਨ ਅਮਰੀਕਾ ਸਾਮਰਾਜ ਅੱਗੇ ਡਟ ਕੇ ਚਮਤਕਾਰ ਕਰ ਰਿਹਾ ਹੈ।’’ ਡਾ. ਅਰੀਤ ਕੌਰ ਨੇ ਕਿਹਾ ਕਿ ਸੱਤਾ ਦੇ ਦਾਬੇ ਹੇਠ ਮੀਡੀਆ ਨੇ ਵੀ ਸਮਝੌਤਾ ਕਰ ਲਿਆ ਹੈ, ਜਿਸ ਲਈ ਖੋਜੀ ਤੇ ਨਿਰਪੱਖ ਪੱਤਰਕਾਰੀ ਦੀ ਬਹੁਤ ਲੋੜ ਹੈ। ਸਰਦਾਰਾ ਸਿੰਘ ਚੀਮਾ ਨੇ ਦੱਸਿਆ ਕਿ ਇਹ ਮੀਟਿੰਗ ਈਰਾਨ ’ਤੇ ਅਮਰੀਕੀ ਹਮਲੇ ’ਚ ਫੌਤ 165 ਸਕੂਲੀ ਬੱਚੀਆਂ ਨੂੰ ਸਮਰਪਿਤ ਸੀ।

