Ghaggar River, Flood Protection: ਝੱਜੋਂ ’ਚ ਦਰਿਆ ਦਾ ਬੰਨ੍ਹ ਉੱਚਾ ਕਰਨ ’ਤੇ ਜ਼ੋਰ
ਬੰਨ੍ਹ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਬਰਸਾਤਾਂ ਦੌਰਾਨ ਹਡ਼੍ਹ ਦਾ ਖ਼ਦਸ਼ਾ ਪ੍ਰਗਟਾਇਆ; w ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ
ਅੱਧੀ ਦਰਜਨ ਦੇ ਕਰੀਬ ਪਿੰਡਾਂ ਨੇ ਬਨੂੜ ਨੇੜਿਉਂ ਲੰਘਦੇ ਘੱਗਰ ਦਰਿਆ ’ਤੇ ਪੈਂਦੇ ਪਿੰਡ ਝੱਜੋਂ ਦੇ ਨੀਵੇਂ ਬੰਨ੍ਹ ’ਤੇ ਮਿੱਟੀ ਪਾ ਕੇ ਉੱਚਾ ਚੁੱਕੇ ਜਾਣ ਦੀ ਮੰਗ ਕੀਤੀ ਹੈ। ਮੁਹਾਲੀ ਦੀ ਏ ਡੀ ਸੀ ਤੇ ਹੋਰ ਅਧਿਕਾਰੀਆਂ ਨੂੰ ਦਿੱਤੇ ਲਿਖਤੀ ਮੰਗ ਪੱਤਰ ਤਹਿਤ ਇਨ੍ਹਾਂ ਵਸਨੀਕਾਂ ਨੇ ਬੰਨ੍ਹ ਉੱਚਾ ਨਾ ਚੁੱਕੇ ਜਾਣ ਦੀ ਸੂਰਤ ਵਿਚ ਬਰਸਾਤਾਂ ਦੌਰਾਨ ਹੜ੍ਹਾਂ ਦਾ ਖ਼ਦਸ਼ੇ ਦਾ ਡਰ ਪ੍ਰਗਟਾਇਆ ਹੈ।
ਸਰਪੰਚ ਹਰਮਿੰਦਰ ਸਿੰਘ ਛੜਬੜ, ਸਰਪੰਚ ਕਰਮਜੀਤ ਸਿੰਘ ਬੁੱਢਣਪੁਰ, ਪੰਚ ਗੁਰਜਿੰਦਰ ਸਿੰਘ ਬੁੱਢਣਪੁਰ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਕਰਨੈਲ ਸਿੰਘ, ਜੋਗਿੰਦਰ ਸਿੰਘ, ਹਰਸ਼ਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਬੰਨ੍ਹਾਂ ਤੇ ਮਿੱਟੀ ਪਾਈ ਗਈ ਸੀ। ਮਿੱਟੀ ਪਾਉਣ ਵਾਲੇ ਸਬੰਧਤ ਠੇਕੇਦਾਰ ਵੱਲੋਂ ਪਿੰਡ ਝੱਜੋਂ ਨੇੜੇ ਘੱਗਰ ਦਰਿਆ ਤੇ ਬੰਨ੍ਹ ਤੇ ਘੱਟ ਮਿੱਟੀ ਪਾਏ ਜਾਣ ਇਹ ਬੰਨ੍ਹ ਨੀਵਾਂ ਰਹਿ ਗਿਆ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਦੌਰਾਨ ਇਲਾਕੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਨੇ ਬਰਸਾਤ ਦੇ ਦਿਨਾਂ ਦੌਰਾਨ ਪਿੰਡਾਂ ਦੇ ਵਸਨੀਕਾਂ ਨੂੰ ਸੰਭਾਵੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਬੰਨ੍ਹ ’ਤੇ ਹੋਰ ਮਿੱਟੀ ਪਾਉਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਦੌਰਾਨ ਘੱਗਰ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਬੰਨ ਕਮਜ਼ੋਰ ਪੈ ਗਿਆ ਸੀ। ਉਨ੍ਹਾਂ ਦੱਸਿਆ ਕਿ ਏ ਡੀ ਸੀ ਗੀਤਿਕਾ ਸਿੰਘ ਨੇ ਵਫ਼ਦ ਨੂੰ ਮਿੱਟੀ ਪਵਾਉਣ ਦਾ ਭਰੋਸਾ ਦਿੱਤਾ ਹੈ।

