ਚੰਡੀਗੜ੍ਹ ਦੇ ਸੈਕਟਰ 1 ਤੋਂ 8 ਤੱਕ ਬਿਜਲੀ ਤਾਰਾਂ ਜ਼ਮੀਨਦੋਜ਼
12 ਕਰੋਡ਼ ਰੁਪਏ ਦੀ ਲਾਗਤ ਨਾਲ 18 ਕਿਲੋਮੀਟਰ ਤਾਰਾਂ ਜ਼ਮੀਨਦੋਜ਼ ਕੀਤੀਆਂ
ਇੱਥੇ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਵੱਲੋਂ ਸ਼ਹਿਰ ਵਿੱਚ 11 ਕੇ ਵੀ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੀ ਪੀ ਡੀ ਐੱਲ ਨੇ ਸ਼ਹਿਰ ਦੇ ਸੈਕਟਰ 1 ਤੋਂ 8 ਦੇ ਇਲਾਕੇ ਦੀਆਂ ਸਾਰੀਆਂ 11 ਕੇ ਵੀ ਦੀਆਂ ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕਰ ਦਿੱਤਾ ਹੈ। ਇਸ ਨਾਲ ਮੀਂਹ, ਹਨੇਰੀ ਜਾਂ ਪੰਛੀਆਂ ਕਰਕੇ ਪ੍ਰਭਾਵਿਤ ਹੋਣ ਵਾਲੀ ਬਿਜਲੀ ਸਪਲਾਈ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਅੱਜ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ 1 ਤੋਂ 8 ਤੱਕ ਦੀਆਂ 11 ਕੇ ਵੀ ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਉਦਘਾਟਨ ਕੀਤਾ। ਸ੍ਰੀ ਕਟਾਰੀਆ ਨੇ ਸੀ ਪੀ ਡੀ ਐੱਲ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੇ ਜ਼ਮੀਨਦੋਜ਼ ਹੋਣ ਕਰਕੇ ਲੋਕਾਂ ਨੂੰ ਬਿਜਲੀ ਖਰਾਬੇ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇਗੀ।
ਸ੍ਰੀ ਕਟਾਰੀਆ ਨੇ ਕਿਹਾ ਕਿ ਸੀ ਪੀ ਡੀ ਐੱਲ ਵੱਲੋਂ ਪਹਿਲੇ ਪੜਾਅ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ 18 ਕਿਲੋਮੀਟਰ ਖੇਤਰ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕੀਤਾ ਗਿਆ ਹੈ। ਇਸ ਨਾਲ 25 ਹਜ਼ਾਰ ਖਪਤਕਾਰਾਂ ਨੂੰ ਲਾਭ ਮਿਲੇਗਾ ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਸੀ ਪੀ ਡੀ ਐੱਲ ਵੱਲੋਂ ਸ਼ਹਿਰ ਦੇ ਹੋਰਨਾਂ ਖੇਤਰਾਂ ਦੀਆਂ 11 ਕੇ ਵੀ ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀ ਪੀ ਡੀ ਐੱਲ ਨੇ ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕਰਦਿਆਂ ਅਜਿਹਾ ਪ੍ਰਬੰਧ ਕੀਤਾ ਹੈ, ਜਿਸ ਵਿੱਚ ਇਕ ਲਾਈਨ ਦੇ ਖਰਾਬੇ ਕਰਕੇ ਦੂਜੀ ਲਾਈਨ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਉਸ ਨੂੰ ਵੀ ਜਲਦ ਤੋਂ ਜਲਦ ਠੀਕ ਕੀਤਾ ਜਾ ਸਕੇਗਾ। ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕਰਨ ਨਾਲ ਵਾਪਰਨ ਵਾਲੀਆਂ ਘਟਨਾਵਾਂ ’ਤੇ ਵੀ ਕਾਬੂ ਪਾਇਆ ਜਾ ਸਕੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ, ਸੀ ਪੀ ਡੀ ਐੱਲ ਦੇ ਸੀਨੀਅਰ ਸਲਾਹਕਾਰ ਅਰੁਣ ਕੁਮਾਰ ਵਰਗਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

