electricity supply: ਬਿਜਲੀ ਤੇ ਪਾਣੀ ਦੀ ਨਾਕਸ ਸਪਲਾਈ ਖ਼ਿਲਾਫ਼ ਰੋਸ
ਜਗਤਪੁਰਾ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ; ਸਮੱਸਿਆ ਹੱਲ ਨਾ ਹੋਣ ’ਤੇ ਕਾਂਗਰਸ ਸੰਘਰਸ਼ ਕਰੇਗੀ: ਜੀਤੀ ਸਿੱਧੂ
ਪਿੰਡ ਜਗਤਪੁਰਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਦੀ ਨਾਕਸ ਸਪਲਾਈ ਅਤੇ ਬਿਜਲੀ ਨਾ ਹੋਣ ਕਾਰਨ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਤੋਂ ਭੜਕੇ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਮੌਕੇ ’ਤੇ ਪੁੱਜੇ ਅਤੇ ਮੰਗ ਕੀਤੀ ਕਿ ਬਿਜਲੀ ਦੇ ਟਰਾਂਸਫ਼ਾਰਮਰ ਠੀਕ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਗਤਪੁਰਾ ਦੀ ਬਿਜਲੀ ਪਾਣੀ ਦੀ ਸਮੱਸਿਆ ਦਾ ਇੱਕ ਹਫ਼ਤੇ ਵਿਚ ਸਥਾਈ ਹੱਲ ਨਾ ਨਿਕਲਿਆ ਤਾਂ ਕਾਂਗਰਸ ਪਿੰਡ ਵਾਸੀਆਂ ਦੀ ਮਦਦ ਨਾਲ ਸੜਕ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਵਸਨੀਕਾਂ ਨੇ ਸਾਬਕਾ ਮੇਅਰ ਦੇ ਧਿਆਨ ਵਿਚ ਲਿਆਂਦਾ ਕਿ ਇੱਥੇ ਸਾਰੇ ਟਰਾਂਸਫ਼ਾਰਮਰ ਓਵਰਲੋਡ ਚੱਲ ਰਹੇ ਹਨ। ਹਰ ਹਫ਼ਤੇ ਕੋਈ ਨਾ ਕੋਈ ਟਰਾਂਸਫ਼ਾਰਮਰ ਸੜ ਜਾਂਦਾ ਹੈ, ਜਿਸ ਨੂੰ ਬਦਲਣ ਲਈ ਕਈਂ-ਕਈਂ ਦਿਨ ਲਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਠੱਪ ਹੋਣ ਕਾਰਨ ਹੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਜੀਤੀ ਸਿੱਧੂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇ ਵਾਅਦੇ ਕੀਤੇ ਗਏ ਸਨ, ਪਰ ਜੇ ਲੋਕਾਂ ਦੇ ਘਰਾਂ ਵਿੱਚ ਬਿਜਲੀ ਹੀ ਨਹੀਂ ਪਹੁੰਚ ਰਹੀ ਤਾਂ ਮੁਫ਼ਤ ਬਿਜਲੀ ਦਾ ਕੀ ਲਾਭ ਹੈ। ਉਨ੍ਹਾਂ ਕਿਹਾ ਕਿ ਜਗਤਪੁਰਾ ਦੇ ਵਸਨੀਕਾਂ ਮੁਤਾਬਕ ਕਈਂ ਟਰਾਂਸਫਾਰਮਰ ਖ਼ਰਾਬ ਪਏ ਹਨ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਟਾਫ਼ ਦੀ ਘਾਟ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਸਾਰਾ ਕੁੱਝ ਦਰੁਸਤ ਕੀਤਾ ਜਾਵੇ।

