ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਨੂੰ ਲੋਕ ਨਾ ਪਸੰਦ ਕਰਨ ਲੱਗ ਪਏ ਹਨ। ਜਦੋਂ ਕਿ ਲੋਕਾਂ ਦਾ ਇਲੈਕਟ੍ਰਿਕ ਕਾਰਾਂ ਵੱਲ ਰੁਝਾਨ ਵੱਧ ਰਿਹਾ ਹੈ। ਇਸੇ ਕਰਕੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਸਕੂਟਰੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਹ ਪ੍ਰਗਟਾਵਾ ਸੰਸਦ ਦੇ ਸਰਦ ਰੁੱਤ ਇਜਲਾਜ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆ ਕੀਤਾ ਹੈ। ਕੇਂਦਰੀ ਮੰਤਰੀ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿੱਚ ਸਾਲ 2020 ਵਿੱਚ ਸਿਰਫ਼ 12 ਜਣਿਆਂ ਨੇ ਇਲੈਕਟ੍ਰਿਕ ਸਕੂਟਰੀਆਂ ਖਰੀਦੀਆਂ ਸੀ, ਜਿਸ ਵਿੱਚ ਚਾਰ ਸਾਲ ਲਗਾਤਾਰ ਇਜਾਫ਼ਾ ਹੋਇਆ ਹੈ ਪਰ ਪਿਛਲੇ ਦੋ ਸਾਲਾਂ ਤੋਂ ਇਲੈਕਟ੍ਰਿਕ ਸਕੂਟਰੀਆਂ ਦੀ ਗਿਣਤੀ ਸ਼ਹਿਰ ਵਿੱਚ ਘੱਟ ਰਹੀ ਹੈ। ਚੰਡੀਗੜ੍ਹ ਵਿੱਚ ਸਾਲ 2021 ਵਿੱਚ 197, 2022 ਵਿੱਚ 855, 2023 ਵਿੱਚ 2141, 2024 ਵਿੱਚ 1774 ਅਤੇ ਸਾਲ 2025 ਵਿੱਚ ਨਵੰਬਰ ਮਹੀਨੇ ਤੱਕ 1293 ਸਕੂਟਰੀਆਂ ਰਜਿਸਟਰ ਹੋਈਆਂ ਹਨ।
ਦੂਜੇ ਪਾਸੇ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵਧ ਰਹੀ ਹੈ। ਸਾਲ 2020 ਵਿੱਚ ਪਹਿਲੇ ਸਿਰਫ਼ 35 ਕਾਰਾਂ ਹੀ ਸ਼ਹਿਰ ਵਿੱਚ ਰਜਿਸਟਰ ਹੋ ਸਕੀਆਂ ਸਨ। ਇਸ ਤੋਂ ਬਾਅਦ ਸਾਲ 2021 ਵਿੱਚ 106, 2022 ਵਿੱਚ 273, 2023 ਵਿੱਚ 1037, 2024 ਵਿੱਚ 1403 ਅਤੇ ਸਾਲ 2025 ਵਿੱਚ ਨਵੰਬਰ ਮਹੀਨੇ ਤੱਕ 1395 ਇਲੈਕਟ੍ਰਿਕ ਕਾਰਾਂ ਦੀ ਰਜਿਸਟਰੇਸ਼ਨ ਹੋਈ ਹੈ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਬਾਰੇ ਉਤਸ਼ਾਹਿਤ ਕਰਨ ਲਈ ਈਵੀ ਪਾਲਸੀ ਤਹਿਤ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਪਹਿਲੇ 42,000 ਖਰੀਦਦਾਰਾਂ ਨੂੰ 3,000 ਰੁਪਏ ਤੋਂ 2 ਲੱਖ ਰੁਪਏ ਤੱਕ ਦੇ ਪ੍ਰੋਤਸਾਹਨ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਵਿੱਚ 2000 ਕਾਰਾਂ ਨੂੰ ਪ੍ਰੋਤਸਾਹਨ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਸੀ, ਪਰ ਪਿਛਲੇ ਸਾਲ ਨਵੰਬਰ ਵਿੱਚ 2,000 ਕਾਰਾਂ ਦਾ ਕੋਟਾ ਖਤਮ ਹੋਣ ਤੋਂ ਬਾਅਦ ਇਲੈਕਟ੍ਰਿਕ ਚਾਰ-ਪਹੀਆ ਵਾਹਨਾਂ ਦੀ ਖਰੀਦ ’ਤੇ ਦਿੱਤੇ ਗਏ ਪ੍ਰੋਤਸਾਹਨ ਬੰਦ ਕਰ ਦਿੱਤੀ ਸੀ। ਪਰ ਪ੍ਰਸ਼ਾਸਨ ਨੇ ਯੂਟੀ ਇਲੈਕਟ੍ਰਿਕ ਵਾਹਨ ਸਲਾਹਕਾਰ ਕਮੇਟੀ ਦੀ ਸਲਾਹ ’ਤੇ ਕਾਰਾਂ ਦਾ ਕੋਟਾ ਵਧਾ ਕੇ 3,500 ਕਰ ਦਿੱਤਾ ਹੈ।
ਵੱਖ-ਵੱਖ ਥਾਵਾਂ ’ਤੇ ਬਣਾਏ ਚਾਰਜਿੰਗ ਸਟੇਸ਼ਨ
ਯੂਟੀ ਪ੍ਰਸ਼ਾਸਨ ਨੇ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਚਾਰਜਿੰਗ ਕਰਨ ਵਿੱਚ ਮਦਦ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿੱਥੇ ਲੋਕਾਂ ਵੱਲੋਂ ਆਪਣੇ ਵਾਹਨ ਚਾਲਕ ਕੀਤੇ ਜਾ ਰਹੇ ਹਨ। ਹੁਣ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਦੋ ਪਹੀਆਂ ਇਲੈਕਟ੍ਰਿਕ ਵਾਹਨਾਂ ਤੋਂ ਘੱਟ ਰਹੇ ਰੁਝਾਨ ਨੂੰ ਮੁੜ ਵਧਾਉਣ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।

