
‘ਐਜੂ ਐਕਸਪੋ-2023’ ਦਾ ਉਦਘਾਟਨ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ। ਉਨ੍ਹਾਂ ਨਾਲ ਹਨ ਟ੍ਰਿਬਿਊਨ ਸਮੂਹ ਦੇ ਕਾਰਜਕਾਰੀ ਜਨਰਲ ਮੈਨੇਜਰ ਅਮਿਤ ਸ਼ਰਮਾ। -ਫੋਟੋ: ਰਵੀ ਕੁਮਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਈ
ਪੰਜਾਬ ਦੇ ਸਿੱਖਿਆ ਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਦਿ ਟ੍ਰਿਬਿਊਨ’ ਵੱਲੋਂ ਸੈਕਟਰ-35 ਸਥਿਤ ਕਿਸਾਨ ਭਵਨ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਐਜੂ ਐਕਸਪੋ- 2023’ ਦਾ ਉਦਘਾਟਨ ਕੀਤਾ। ਹਰਜੋਤ ਬੈਂਸ ਨੇ ਕਿਹਾ ਕਿ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਕਿਹੜਾ ਖੇਤਰ ਚੁਣਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਦਿ ਟ੍ਰਿਬਿਊਨ ‘ਐਜੂ ਐਕਸਪੋ- 2023’ ਵਿਦਿਆਰਥੀਆਂ ਨੂੰ ਇੱਕ ਛੱਤ ਥੱਲੇ ਸਿੱਖਿਆ ਕੋਰਸਾਂ ਸਬੰਧੀ ਸਲਾਹ ਦੇ ਰਿਹਾ ਹੈ, ਜਿੱਥੇ ਵਿਦਿਆਰਥੀਆਂ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਕਰਵਾੲੇ ਜਾਣ ਵਾਲੇ ਕੋਰਸਾਂ ਬਾਰੇ ਪਤਾ ਲੱਗ ਸਕਦਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ‘ਐਜੂ ਐਕਸਪੋ-2023’ ਵਿਚ ਵਿਦਿਆਰਥੀਆਂ ਨੂੰ ਇੰਜਨੀਅਰਿੰਗ, ਮੈਨੇਜਮੈਂਟ, ਮੈਡੀਕਲ, ਆਯੁਰਵੈਦਿਕ, ਖੇਤੀਬਾੜੀ, ਪੱਤਰਕਾਰੀ ਅਤੇ ਜਨਸੰਚਾਰ, ਲਾਅ ਅਤੇ ਹੋਰ ਕੋਰਸਾਂ ਬਾਰੇ ਜਾਣਕਾਰੀ ਮਿਲ ਸਕੇਗੀ। ਇਸ ਤੋਂ ਇਲਾਵਾ ‘ਐਜੂ ਐਕਸਪੋ-2023’ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਕੀਤੀ ਜਾਣ ਵਾਲੀ ਕਾਊਂਸਲਿੰਗ ਵੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਦਿ ਟ੍ਰਿਬਿਊਨ ‘ਐਜੂ ਐਕਸਪੋ-2023’ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਕਾਲਜ ਹਿੱਸਾ ਲੈ ਰਹੇ ਹਨ। ਤਿੰਨ ਦਿਨ ਚੱਲਣ ਵਾਲੇ ‘ਐਜੂ ਐਕਸਪੋ-2023’ ਨੂੰ ਚਿਤਕਾਰਾ ਯੂਨੀਵਰਸਿਟੀ ਨੇ ਸਪਾਂਸਰ ਕੀਤਾ ਹੈ। ਇਸ ਐਕਸਪੋ ਵਿੱਚ ਸਕੂਲੀ ਸਿੱਖਿਆ ਮੁਕੰਮਲ ਕਰਨ ਮਗਰੋਂ ਕਾਲਜ ਜਾਣ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪਹੁੰਚ ਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਮੌਕੇ ‘ਦਿ ਟ੍ਰਿਬਿਊਨ’ ਗਰੁੱਪ ਦੇ ਕਾਰਜਕਾਰੀ ਜਨਰਲ ਮੈਨੇਜਰ ਅਮਿਤ ਸ਼ਰਮਾ ਨੇ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ‘ਐਜੂ ਐਕਸਪੋ-2023’ ਵਿੱਚ ਅਮੇਟੀ ਯੂਨੀਵਰਸਿਟੀ, ਸ਼ੂਲਿਨੀ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼, ਚੰਡੀਗੜ੍ਹ ਵਿਦਿਆ ਜੋਤੀ ਐਜੂਵਰਸਿਟੀ, ਚਿੱਤਕਾਰਾ ਯੂਨੀਵਰਸਿਟੀ, ਕਰੋਸਲੈਂਡ, ਈਐੱਫਓਐੱਸ, ਗੁਰੂ ਕਾਸ਼ੀ ਯੂਨੀਵਰਸਿਟੀ, ਹਿੱਟ ਬੁੱਲਸਾਈ, ਆਈਸੀਐੱਫਏਆਈ, ਲੈਮਰੀਨ ਸਕਿੱਲਜ਼ ਯੂਨੀਵਰਸਿਟੀ ਪੰਜਾਬ, ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਨਾਰਾਇਣਾ ਐਜੂਕੇਸ਼ਨਲ ਇੰਸਟੀਚਿਊਟ, ਸਨਰਾਈਜ਼ ਇੰਟਰਨੈਸ਼ਨਲ, ਟੌਪ ਰੈਂਕਰਜ਼ ਕਲਾਸਰੂਮ, ਡਬਲਿਊ-ਡਬਲਿਊ ਆਈਸੀਐੱਸ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਡਿਊਕ ਤੇ ਛੋਟਾ ਬਨਾਰਸ ਵੀ ਹਿੱਸਾ ਲੈ ਰਹੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ