ED Raid Mohali: TDI ਇਨਫਰਾਟੈੱਕ ਦੇ ਦਫ਼ਤਰ ’ਤੇ ਤੀਜੇ ਦਿਨ ਵੀ ਜਾਂਚ ਜਾਰੀ; ਮੁਹਾਲੀ ਸਿਟੀ ਸੈਂਟਰ ਸਥਿਤ STJ ਗਰੁੱਪ ਵੀ ਨਿਸ਼ਾਨੇ ’ਤੇ
PR-6 ਰੋਡ ਮੁਆਵਜ਼ਾ ਘੁਟਾਲੇ ਅਤੇ ਜ਼ਮੀਨੀ ਧੋਖਾਧੜੀ ਦੇ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ
ਮੁਹਾਲੀ ਦੇ ਸੈਕਟਰ-119 ਸਥਿਤ 'ਟੀ.ਡੀ.ਆਈ. ਇਨਫਰਾਟੈੱਕ ਲਿਮਟਿਡ' (TDI Infratech Limited) ਦੇ ਦਫ਼ਤਰ ਵਿੱਚ ਈ.ਡੀ. (ED) ਦੇ ਛਾਪੇ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੇ। ਈ.ਡੀ. ਵੱਲੋਂ ਜ਼ਮੀਨੀ ਸੌਦਿਆਂ ਨਾਲ ਜੁੜੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਮ ਦੇ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਈ.ਡੀ. ਨੇ ਏਅਰਪੋਰਟ ਰੋਡ ਸਥਿਤ ਐਰੋਸਿਟੀ ਦੇ ਮੁਹਾਲੀ ਸਿਟੀ ਸੈਂਟਰ-2 ਦੀ ਛੇਵੀਂ ਮੰਜ਼ਿਲ ’ਤੇ ਸਥਿਤ 'ਐੱਸ.ਟੀ.ਜੇ. ਗਰੁੱਪ' (STJ Group) ਦੇ ਦਫ਼ਤਰ ’ਤੇ ਮੰਗਲਵਾਰ ਦੁਪਹਿਰ ਨੂੰ ਛਾਪਾ ਮਾਰਿਆ ਸੀ, ਜੋ ਕਿ ਅਜੇ ਵੀ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਈ.ਡੀ. ਦੀ ਕਰੀਬ 15 ਮੈਂਬਰੀ ਟੀਮ ਸੀ.ਆਰ.ਪੀ.ਐੱਫ. (CRPF) ਦੇ ਜਵਾਨਾਂ ਨਾਲ 28 ਸਤੰਬਰ ਨੂੰ ਸਵੇਰੇ 11 ਵਜੇ ਟੀ.ਡੀ.ਆਈ. ਹਾਊਸ (ਸੈਕਟਰ-119) ਦੇ ਦਫ਼ਤਰ ਪਹੁੰਚੀ ਸੀ। ਅਧਿਕਾਰੀਆਂ ਨੇ ਦਫ਼ਤਰ ਪਹੁੰਚਦਿਆਂ ਹੀ ਕੰਪਿਊਟਰ, ਇਲੈਕਟ੍ਰਾਨਿਕ ਉਪਕਰਣ ਅਤੇ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਛਾਪੇ ਦੌਰਾਨ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਏ ਗਏ ਸਨ।
ਸੂਤਰਾਂ ਮੁਤਾਬਕ ਜਾਂਚ ਦਾ ਦਾਇਰਾ ਇੰਨਾ ਵਿਆਪਕ ਸੀ ਕਿ ਮੰਗਲਵਾਰ ਸ਼ਾਮ ਨੂੰ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਰਾਤ ਰੁਕਣ ਲਈ ਦਫ਼ਤਰ ਦੇ ਅੰਦਰ ਗੱਦੇ (ਮੈਟਰੇਸ) ਵੀ ਮੰਗਵਾਏ ਗਏ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਾਸਟਰ ਪਲਾਨ ਤਹਿਤ ਆਉਂਦੀ ਜ਼ਮੀਨ ਨੂੰ ਸੀ.ਐੱਲ.ਯੂ. (CLU) ਮਿਲਣ ਤੋਂ ਬਾਅਦ, ਕੰਪਨੀ ਦੇ ਡਾਇਰੈਕਟਰਾਂ ਅਤੇ ਚੋਟੀ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਜ਼ਮੀਨ ਦੇ ਮਾਲਕਾਨਾ ਹੱਕ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਂ ਤਬਦੀਲ ਕਰ ਦਿੱਤੇ ਤਾਂ ਜੋ ਵੱਧ ਮੁਆਵਜ਼ਾ ਲਿਆ ਜਾ ਸਕੇ।

