
ਚੰਡੀਗੜ੍ਹ ਦੇ ਇਕ ਸ਼ਰਾਬ ਦੇ ਠੇਕੇ ਦਾ ਬਾਹਰੀ ਦਿ੍ਸ਼।
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਾਰਚ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਦੋ ਵਾਰ ਹੋ ਚੁੱਕੀ ਨਿਲਾਮੀ ਵਿੱਚ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਮਿਲੇ ਝਟਕੇ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਠੇਕਿਆਂ ਦੀ ਰਾਖਵੀਂ ਕੀਮਤ ’ਚ 3 ਤੋਂ 5 ਫ਼ੀਸਦ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਕਟੌਤੀ ਤੋਂ ਬਾਅਦ ਸ਼ਹਿਰ ਵਿਚਲੇ ਰਹਿੰਦੇ 41 ਠੇਕਿਆਂ ਦੀ ਨਿਲਾਮੀ 27 ਮਾਰਚ ਨੂੰ ਹੋਵੇਗੀ। ਇਸ ਨਿਲਾਮੀ ਨਾਲ ਇਹ ਪਹਿਲੀ ਵਾਰ ਹੋਵੇਗਾ ਜਦੋਂ ਸ਼ਰਾਬ ਠੇਕਿਆਂ ਦੀ ਤੀਜੀ ਵਾਰ ਨਿਲਾਮੀ ਹੋਵੇਗੀ। ਪਹਿਲਾਂ ਸ਼ਹਿਰ ਵਿਚਲੇ ਕੁੱਲ 95 ਠੇਕਿਆਂ ਦੀ ਨਿਲਾਮੀ 15 ਮਾਰਚ ਨੂੰ ਹੋਈ, ਜਿਸ ਵਿੱਚ ਸਿਰਫ਼ 43 ਠੇਕੇ ਹੀ ਨਿਲਾਮ ਹੋ ਸਕੇ। ਉਸ ਤੋਂ ਬਾਅਦ 21 ਮਾਰਚ ਨੂੰ 52 ਠੇਕਿਆਂ ਦੀ ਨਿਲਾਮੀ ਹੋਈ, ਜਿਸ ਵਿੱਚੋਂ ਸਿਰਫ਼ 11 ਠੇਕੇ ਨਿਲਾਮ ਹੋ ਸਕੇ। ਵਿਭਾਗ ਵੱਲੋਂ ਰਹਿੰਦੇ 41 ਠੇਕਿਆਂ ਲਈ 27 ਮਾਰਚ ਨੂੰ ਨਿਲਾਮੀ ਰੱਖੀ ਗਈ ਹੈ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਵਿੱਤ ਵਰ੍ਹੇ 2023-24 ਵਿੱਚ ਆਬਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ। ਜਦੋਂ ਕਿ ਵਿਭਾਗ ਨੇ 15 ਮਾਰਚ ਨੂੰ 95 ਵਿੱਚੋਂ 43 ਠੇਕੇ ਨਿਲਾਮ ਕਰਕੇ 202 ਕਰੋੜ ਰੁਪਏ ਰਾਖਵੀਂ ਕੀਮਤ ਬਦਲੇ 221.59 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਸੀ।
ਪੰਜਾਬ ਤੇ ਚੰਡੀਗੜ੍ਹ ਵਿੱਚ ਸ਼ਰਾਬ ਦੇ ਭਾਅ ਲਗਪਗ ਇਕਸਾਰ
ਚੰਡੀਗੜ੍ਹ ਦੇ ਸ਼ਰਾਬ ਠੇਕੇਦਾਰ ਦਰਸ਼ਨ ਸਿੰਘ ਕਲੇਰ ਨੇ ਕਿਹਾ ਕਿ ਸ਼ਰਾਬ ਠੇਕਿਆਂ ਦੀ ਤੀਜੀ ਵਾਰ ਹੋਣ ਵਾਲੀ ਨਿਲਾਮੀ ਵਿੱਚ ਠੇਕਿਆਂ ਦੀ ਰਾਖਵੀਂ ਕੀਮਤ ’ਚ 3 ਤੋਂ 5 ਫ਼ੀਸਦ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਕੋਈ ਲਾਭ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਦੀ ਆਬਕਾਰੀ ਨੀਤੀ ਬਿਹਤਰ ਹੈ, ਜਿੱਥੇ ਸ਼ਰਾਬ ਦਾ ਕੋਈ ਕੋਟਾ ਨਹੀਂ ਹੈ ਅਤੇ ਕੋਈ ਵਾਧੂ ਦਾ ਆਬਕਾਰੀ ਟੈਕਸ ਨਹੀਂ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਖਰੀਦਦਾਰੀ ਲਈ ਵੱਡਾ ਮੁਕਾਬਲਾ ਦੇਖਣ ਨੂੰ ਮਿਲਦਾ ਸੀ, ਪਰ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਆਬਕਾਰੀ ਨੀਤੀ ਵਿੱਚ ਕੀਤੀ ਤਬਦੀਲੀ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ’ਚ ਸ਼ਰਾਬ ਦੀਆਂ ਕੀਮਤਾਂ ਬਰਾਬਰ ਹੋ ਗਈਆਂ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ