ਨਸ਼ਾ ਤਸਕਰ 2.10 ਕਿਲੋ ਹੈਰੋਇਨ ਸਣੇ ਰਾਮ ਦਰਬਾਰ ਤੋਂ ਗ੍ਰਿਫ਼ਤਾਰ : The Tribune India

ਨਸ਼ਾ ਤਸਕਰ 2.10 ਕਿਲੋ ਹੈਰੋਇਨ ਸਣੇ ਰਾਮ ਦਰਬਾਰ ਤੋਂ ਗ੍ਰਿਫ਼ਤਾਰ

ਜ਼ਬਤ ਕੀਤੀ ਹੈਰੋਇਨ ਦੀ ਕੀਮਤ ਕੌਮਾਂਤਰੀ ਮਾਰਕੀਟ ਵਿੱਚ 10 ਕਰੋੜ ਰੁਪਏ

ਨਸ਼ਾ ਤਸਕਰ 2.10 ਕਿਲੋ ਹੈਰੋਇਨ ਸਣੇ ਰਾਮ ਦਰਬਾਰ ਤੋਂ ਗ੍ਰਿਫ਼ਤਾਰ

ਮੁਲਜ਼ਮ ਨੂੰ ਮੀਡੀਆ ਅੱਗੇ ਪੇਸ਼ ਕਰਦੇ ਹੋਏ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਤੇ ਹੋਰ ਅਧਿਕਾਰੀ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ

ਚੰਡੀਗੜ੍ਹ, 7 ਦਸੰਬਰ

ਚੰਡੀਗੜ੍ਹ ਪੁਲੀਸ ਦੀ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਇਕ ਵਿਅਕਤੀ ਨੂੰ 2.10 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 10 ਕਰੋੜ ਰੁਪਏ ਦੱਸੀ ਗਈ ਹੈ। ਮੁਲਜ਼ਮ ਦੀ ਪਛਾਣ ਅਮਿਤ ਸ਼ਰਮਾ (41) ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਇਹ ਜਾਣਕਾਰੀ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਾਮ ਦਰਬਾਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਾਰ ਸਵਾਰ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਕਿੱਲੋ 10 ਗਰਾਮ ਹੈਰਇਨ ਬਰਾਮਦ ਹੋਈ। ਪੁਲੀਸ ਨੇ ਇਸ ਵਿਅਕਤੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਐੱਸਪੀ ਸ੍ਰੀ ਚਾਹਲ ਨੇ ਦੱਸਿਆ ਕਿ ਮੁਲਜ਼ਮ ਨੇ ਜ਼ੀਰਕਪੁਰ ਵਿੱਚ ਮਕਾਨ ਉਸਾਰਿਆ ਅਤੇ ਸਮੈਕ ਤੇ ਹੈਰੋਇਨ ਦਾ ਕਥਿਤ ਤੌਰ ’ਤੇ ਕਾਰੋਬਾਰ ਕਰਨ ਲੱਗ ਪਿਆ। ਉਨ੍ਹਾਂ ਕਿਹਾ ਕਿ ਅਮਿਤ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਉਸ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਲਜ਼ਮ ਤੋਂ ਪੁੱਛਿਆ ਜਾਵੇਗਾ ਕਿ ਉਸ ਨੇ ਦੋ ਕਿੱਲੋ ਹੈਰੋਇਨ ਕਿੱਥੋਂ ਲਿਆਂਦੀ ਤੇ ਅਤੇ ਕਿਸ ਨੂੰ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤਹਿਤ ਹੁਣ ਤੱਕ 50 ਕੇਸਾਂ ਵਿੱਚ 55 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅੰਬਾਲਾ ਵਿੱਚ ਫ਼ਲਾਂ ਦੀ ਰੇਹੜੀ ਲਾਉਂਦਾ ਸੀ ਮੁਲਜ਼ਮ

ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਅੰਬਾਲਾ ਵਿੱਚ ਰੇਹੜੀ ’ਤੇ ਫ਼ੱਲ ਵੇਚਦਾ ਹੁੰਦਾ ਸੀ। 2008-09 ਵਿੱਚ ਉਹ ਦੁਕਾਨਾਂ ਦੇ ਤਾਲੇ ਤੋੜ ਕੇ ਕਥਿਤ ਤੌਰ ’ਤੇ ਚੋਰੀਆਂ ਕਰਨ ਲੱਗ ਪਿਆ। ਮੁਲਜ਼ਮ ਖ਼ਿਲਾਫ਼ ਅੰਬਾਲਾ ਵਿੱਚ ਚੋਰੀ ਅਤੇ ਡਕੈਟੀ ਦੇ ਲਗਭਗ 10 ਕੇਸ ਦਰਜ ਹਨ। ਪੁਲੀਸ ਅਨੁਸਾਰ ਇਸ ਤੋਂ ਬਾਅਦ ਅਮਿਤ ਅਫੀਮ ਅਤੇ ਭੁੱਕੀ ਵੇਚਣ ਲੱਗ ਪਿਆ। ਉਹ ਭੁੱਕੀ ਅਤੇ ਅਫੀਮ ਮੱਧ ਪ੍ਰਦੇਸ਼ ਤੋਂ ਲਿਆ ਕੇ ਵੇਚਦਾ ਸੀ। ਨਸ਼ੀਲੇ ਪਦਾਰਥ ਵੇਚਣ ਸਬੰਧੀ ਵੀ ਉਸ ਦੇ ਖ਼ਿਲਾਫ਼ ਅੰਬਾਲਾ ਵਿੱਚ ਪੰਜ ਕੇਸ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਰਿਹਾਅ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All