ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਨਸ਼ਾ ਤਸਕਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਤੋਂ ਪੁਲੀਸ ਨੇ 113 ਗ੍ਰਾਮ ਕੋਕੀਨ ਅਤੇ ਤਿੰਨ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਵਾਸੀ ਜ਼ੀਰਕਪੁਰ, ਜਸਕਰਨ ਸਿੰਘ ਵਾਸੀ ਸੈਕਟਰ 49 ਅਤੇ ਈ ਸੀ ਚਿਜੋਕੇ ਵਾਸੀ ਨਾਈਜੀਰੀਆ ਹਾਲ ਵਾਸੀ ਖਰੜ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਪਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ 23 ਦੀ ਮਾਰਕੀਟ ਵਿੱਚ ਗਸ਼ਤ ਦੌਰਾਨ ਰਾਕੇਸ਼ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 22.10 ਗ੍ਰਾਮ ਕੋਕੀਨ ਬਰਾਮਦ ਹੋਈ। ਪੁਲੀਸ ਨੇ ਰਾਕੇਸ਼ ਕੁਮਾਰ ਤੋਂ ਪੁੱਛ-ਪੜਤਾਲ ਦੇ ਆਧਾਰ ’ਤੇ ਜਸਕਰਨ ਸਿਾਂਘ ਗਿੱਲ ਨੂੰ ਦੇਹਰਾਦੂਨ ਤੋਂ ਕਾਬੂ ਕੀਤਾ। ਇਸ ਮਗਰੋਂ ਪੁਲੀਸ ਨੇ ਤੀਜੇ ਮੁਲਜ਼ਮ ਨੂੰ ਕਾਬੂ ਕਰਕੇ ਕੁੱਲ 113 ਗ੍ਰਾਮ ਕੋਕੀਨ ਬਰਾਮਦ ਕੀਤੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਨਾਈਜੀਰੀਆ ਦਾ ਰਹਿਣ ਵਾਲਾ ਮੁਲਜ਼ਮ ਕੋਕੀਨ ਤਿਆਰ ਕਰਦਾ ਹੈ ਅਤੇ ਜਸਕਰਨ ਸਿੰਘ ਵੱਲੋਂ ਰਾਕੇਸ਼ ਕੁਮਾਰ ਰਾਹੀਂ ਕੋਕੀਨ ਸਪਲਾਈ ਕੀਤੀ ਜਾਂਦੀ ਹੈ। ਰਾਕੇਸ਼ ਕੁਮਾਰ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਜੋ ਕਿ ਕਲੱਬਾਂ ਅਤੇ ਵੱਖ-ਵੱਖ ਥਾਵਾਂ ’ਤੇ ਜਾ ਕੇ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ। ਇਸ ਲਈ ਹਰੇਕ ਡਿਲੀਵਰੀ ਲਈ ਉਸ ਨੂੰ 500 ਰੁਪਏ ਦਿੱਤੇ ਜਾਂਦੇ ਸਨ। ਚੰਡੀਗੜ੍ਹ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਖਰੀਦੀਆਂ ਤਿੰਨ ਗੱਡੀਆਂ ਵੀ ਬਰਾਮਦ ਕਰ ਲਈਆਂ ਹਨ। ਪੁਲੀਸ ਨੇ ਤਿੰਨਾਂ ਨੂੰ ਕਾਬੂ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

