Double Tragedy: ਆਪਸੀ ਝਗੜੇ ਦੌਰਾਨ ਜੀਜੇ-ਸਾਲੇ ਦੀ ਮੌਤ
ਛਠੀ ਸਬੰਧੀ ਸਮਾਗਮ ਦੌਰਾਨ ਦੋਵਾਂ ਵਿੱਚ ਤਕਰਾਰ ਹੋਈ; ਇੱਕ-ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ
ਇੱਥੋਂ ਦੇ ਸੈਕਟਰ 19 ਵਿੱਚ ਦੋ ਵਿਅਕਤੀਆਂ ਦੀ ਆਪਸੀ ਝਗੜੇ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੇ ਨਾਮ ਸੰਜੀਤ ਅਤੇ ਅਰਜੁਨ ਦੱਸੇ ਜਾ ਰਹੇ ਹਨ। ਦੋਵੇਂ ਆਪਸ ਵਿੱਚ ਜੀਜਾ ਸਾਲਾ ਸਨ। ਮਿਲੀ ਜਾਣਕਾਰੀ ਅਨੁਸਾਰ ਸੰਜੀਤ ਦੇ ਘਰ ਵਿੱਚ ਪੁੱਤਰ ਦੀ ਛਠੀ ਸਬੰਧੀ ਸਮਾਗਮ ਚੱਲ ਰਿਹਾ ਸੀ। ਸੰਜੀਤ ਅਤੇ ਅਤੇ ਅਰਜੁਨ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਚਾਕੂ ਮਾਰ ਦਿੱਤੇ। ਸੂਚਨਾ ਮਿਲਣ ’ਤੇ ਡੀ ਸੀ ਪੀ ਕ੍ਰਾਈਮ ਦੀ ਟੀਮ ਮੌਕੇ ’ਤੇ ਪੁੱਜੀ। ਟੀਮ ਮੈਂਬਰਾਂ ਨੇ ਦੇਖਿਆ ਕਿ ਅਰਜੁਨ ਅਤੇ ਸੰਜੀਤ ਦੀਆਂ ਲਾਸ਼ਾਂ ਘਟਨਾ ਵਾਲੇ ਸਥਾਨ ’ਤੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਪਈਆਂ ਸਨ। ਪੁਲੀਸ ਨੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਘਟਨਾ ਵਾਲੀ ਥਾਂ ਤੋਂ ਨਮੂਨੇ ਲਏ ਅਤੇ ਦੋਵਾਂ ਲਾਸ਼ਾਂ ਨੂੰ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਇਸ ਦੌਰਾਨ ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਆਂਗਣਵਾੜੀ ਵਰਕਰ ’ਤੇ ਹਮਲਾ, ਮਾਂ-ਪੁੱਤ ਜ਼ਖ਼ਮੀ
ਲਾਲੜੂ (ਸਰਬਜੀਤ ਸਿੰਘ ਭੱਟੀ): ਨਜ਼ਦੀਕੀ ਪਿੰਡ ਬੜਾਣਾ ਦੀ ਆਂਗਣਵਾੜੀ ਵਰਕਰ ਗੁਰਦੀਪ ਕੌਰ ਨੇ ਦੋਸ਼ ਲਾਇਆ ਹੈ ਕਿ ‘ਮਾਵਾਂ ਧੀਆਂ’ ਸਕੀਮ ਤਹਿਤ ਪਿੰਡ ਵਾਸੀਆਂ ਦੇ ਫਾਰਮ ਔਨਲਾਈਨ ਅਪਲੋਡ ਕਰਨ ਦੌਰਾਨ ਐਪ ਦੀ ਧੀਮੀ ਗਤੀ ਕਾਰਨ ਕੁਝ ਸਮਾਂ ਉਡੀਕ ਕਰਨ ਲਈ ਕਹਿਣ ’ਤੇ ਉਸ ਅਤੇ ਉਸ ਦੇ ਪੁੱਤਰ ’ਤੇ ਉਨ੍ਹਾਂ ਦੇ ਘਰ ਵਿੱਚ ਹਮਲਾ ਕੀਤਾ ਗਿਆ। ਕੁਲਦੀਪ ਸਿੰਘ, ਉਸ ਦੀ ਪਤਨੀ ਬਲਜਿੰਦਰ ਕੌਰ, ਪੁੱਤਰ ਰਵਿੰਦਰ ਸਿੰਘ ਅਤੇ ਨੂੰਹ ਰਾਜਵਿੰਦਰ ਕੌਰ ਨੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਹਮਲੇ ਵਿੱਚ ਉਹ ਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਏ। ਉਧਰ, ਪੁਲੀਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜੇ ਆਂਗਣਵਾੜੀ ਵਰਕਰ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ।
