ਪੱਤਰ ਪ੍ਰੇਰਕ
ਚੰਡੀਗੜ੍ਹ, 13 ਸਤੰਬਰ
ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਸੈਕਟਰ-32 ਵਿੱਚ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਡਾਕਟਰਾਂ ਦੀ ਅਣਮਿਥੇ ਸਮੇਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਜੂਨੀਅਰ ਰੈਜ਼ੀਡੈਂਟਸ ਸਵੇਰੇ 9 ਵਜੇ ਡਿਊਟੀਆਂ ਕਰਨ ਦੀ ਬਜਾਇ ਗੇਟ ਨੰਬਰ 4 ਉਤੇ ਹੜਤਾਲੀ ਕੈਂਪ ਵਿੱਚ ਬੈਠ ਗਏ ਜਿੱਥੇ ਉਨ੍ਹਾਂ ਨੇ ਸ਼ਾਮ 5 ਵਜੇ ਤੱਕ ਆਪਣੀ ਮੰਗ ਦੀ ਪੂਰਤੀ ਲਈ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਦੀ ਪ੍ਰਧਾਨ ਡਾ. ਸਿਮਰਨ ਕੌਰ ਸੇਠੀ ਤੇ ਜਨਰਲ ਸਕੱਤਰ ਡਾ. ਦਲਜੋਤ ਕੌਰ ਨੇ ਕਿਹਾ ਕਿ ਜੂਨੀਅਰ ਰੈਜ਼ੀਡੈਂਟਸ ਡਾਕਟਰ ਪਿਛਲੇ ਕਰੀਬ ਡੇਢ ਸਾਲ ਤੋਂ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸੀਨੀਅਰ ਰੈਜ਼ੀਡੈਂਟਸ ਲਈ ਲਾਗੂ ਹੋਈ ਸੈਂਟਰਲ ਰੈਜ਼ੀਡੈਂਸੀ ਸਕੀਮ ਜੂਨੀਅਰ ਰੈਜ਼ੀਡੈਂਟਸ ਉਤੇ ਵੀ ਲਾਗੂ ਹੋਣੀ ਚਾਹੀਦੀ ਹੈ।