ਪਹਿਲੀ ਜਮਾਤ ਦੇ ਦਿਵਨੀਸ਼ ਨੇ ਵਿਸ਼ਵ ਰਿਕਾਰਡ ਬਣਾਇਆ

ਪਹਿਲੀ ਜਮਾਤ ਦੇ ਦਿਵਨੀਸ਼ ਨੇ ਵਿਸ਼ਵ ਰਿਕਾਰਡ ਬਣਾਇਆ

ਆਪਣੇ ਮਾਪਿਆਂ ਨਾਲ ਖੁਸ਼ੀ ਦੇ ਰੌਂਅ ਵਿੱਚ ਦਿਵਨੀਸ਼ ਸਿੰਘ।

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 22 ਨਵੰਬਰ

ਇਥੋਂ ਦੇ ਸੌਪਿਨਜ਼ ਸਕੂਲ ਸੈਕਟਰ-32 ਦੇ ਦਿਵਨੀਸ਼ ਸਿੰਘ ਨੇ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਅਤੇ ਊਨ੍ਹਾਂ ਨਾਲ ਸਬੰਧਤ ਹੋਰ ਸਕੈੱਚ ਤਿਆਰ ਕਰ ਕੇ ਰਿਕਾਰਡ ਬਣਾਇਆ ਹੈ ਜਿਸ ਕਾਰਨ ਊਸ ਦਾ ਨਾਂ ਵਰਲਡ ਰਿਕਾਰਡ ਇੰਡੀਆ ਵਿਚ ਦਰਜ ਹੋਇਆ ਹੈ। ਸੱਤ ਸਾਲਾ ਦਿਵਨੀਸ਼ ਨੇ ਇਹ ਮਾਅਰਕਾ ਇਕ ਮਹੀਨੇ ਵਿਚ ਪੂਰਾ ਕੀਤਾ ਹੈ। ਉਸ ਨੇ ਦਸ ਗੁਰੂਆਂ ਦੇ ਪੈਂਸਿਲ ਜ਼ਰੀਏ 141 ਸਕੈੱਚ ਤਿਆਰ ਕੀਤੇ ਹਨ। ਉਸ ਨੇ ਇਹ ਰਿਕਾਰਡ ਕਰੋਨਾ ਕਾਲ ਦੌਰਾਨ ਤੇ ਸਕੂਲ ਬੰਦ ਹੋਣ ਮੌਕੇ ਬਣਾਇਆ। ਇਸ ਕੰਮ ਬਦਲੇ ਉਸ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ। ਸੌਪਿਨਜ਼ ਸਕੂਲ ਸੈਕਟਰ-32 ਦੇ ਡਾਇਰੈਕਟਰ ਏਬੀਐੱਸ ਸਿੱਧੂ ਨੇ ਦੱਸਿਆ ਕਿ ਇੰਨੀ ਛੋਟੀ ਉਮਰ ਵਿਚ ਗੁਰੂਆਂ ਦੇ ਅਦਭੁੱਤ ਸਕੈੱਚ ਬਣਾ ਕੇ ਦਿਵਨੀਸ਼ ਨੇ ਸਕੂਲ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਦਿਵਨੀਸ਼ ਦੀ ਮਾਂ ਵਰਲੀਨ ਕੌਰ ਨੇ ਦੱਸਿਆ ਕਿ ਦਿਵਨੀਸ਼ ਨੂੰ ਸ਼ੁਰੂ ਤੋਂ ਹੀ ਸਕੈੱਚਿੰਗ ਦਾ ਸ਼ੌਕ ਸੀ ਤੇ ਊਸ ਦਾ ਗੁਰੂ ਘਰ ਵੱਲ ਝੁਕਾਅ ਸੀ ਤੇ ਸਕੂਲ ਬੰਦ ਹੋਣ ਕਾਰਨ ਹਰ ਵੇਲੇ ਹੀ ਸਿੱਖ ਗੁਰੂਆਂ ਦੇ ਸਕੈੱਚ ਬਣਾਉਂਦਾ ਰਹਿੰਦਾ ਸੀ। ਉਸ ਦੀ ਕਾਬਲੀਅਤ ਦੇਖ ਕੇ ਉਸ ਨੇ ਦਿਵਨੀਸ਼ ਨੂੰ ਸਕੈੱਚ ਕਰਨ ਦੀ ਸਿਖਲਾਈ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵਲੋਂ ਵਿਸ਼ਵ ਸੰਸਥਾ ਨਾਲ ਸੰਪਰਕ ਕੀਤਾ ਗਿਆ ਜਿਸ ਨਾਲ ਰਾਬਤਾ ਬਣਨ ਮਗਰੋਂ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਤੇ ਸੰਸਥਾ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਦਿਵਨੀਸ਼ ਨੇ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਹੂਬਹੂ ਕਾਗਜ਼ ’ਤੇ ਉਤਾਰਿਆ।

ਅਬੈਕਸ ਵਿੱਚ ਵੀ ਮੋਹਰੀ

ਦਿਵਨੀਸ਼ ਸਿੰਘ ਨੇ ਸਕੈੱਚ ਤੋਂ ਇਲਾਵਾ ਅਬੈਕਸ ਵਿਚ ਵੀ ਮਾਅਰਕਾ ਮਾਰਿਆ ਹੈ। ਉਸ ਨੇ ਕੌਮੀ ਪੱਧਰ ਦੇ ਓਲੰਪੀਆਡ ਵਿਚ ਵੀ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਵਿਦਿਆਰਥੀ ਨੇ ਹਰ ਇਕ ਨੂੰ ਪ੍ਰਭਾਵਿਤ ਕੀਤਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਇਕ ਦਿਨ ਜ਼ਰੂਰ ਬੁਲੰਦੀਆਂ ਹਾਸਲ ਕਰੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All