ਖੇਤਰੀ ਪ੍ਰਤੀਨਿਧ
ਮੁਹਾਲੀ, 17 ਸਤੰਬਰ
ਸੁਰ ਸਾਂਝ ਕਲਾ ਮੰਚ ਖਰੜ ਵੱਲੋਂ ਪ੍ਰਧਾਨ ਸੁਰਜੀਤ ਸੁਮਨ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ, ਮੁਹਾਲੀ ਦੇ ਸਹਿਯੋਗ ਨਾਲ ਇੱਥੋਂ ਦੇ ਸੈਕਟਰ 69 ਦੀ ਜਨਤਕ ਲਾਇਬ੍ਰੇਰੀ ਵਿੱਚ ਅਣਛਪੀਆਂ ਰਚਨਾਵਾਂ ’ਤੇ ਆਧਾਰਿਤ ਪਲੇਠੀ ਬੈਠਕ ਤਹਿਤ ਉੱਘੀ ਕਹਾਣੀਕਾਰਾ ਤ੍ਰਿਪਤਾ ਕੇ. ਸਿੰਘ ਦੀ ਕਹਾਣੀ ‘‘ਜਰੀਬ” ’ਤੇ ਵਿਚਾਰ ਚਰਚਾ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਸਵੈਰਾਜ ਸੰਧੂ ਨੇ ਸਾਰਿਆਂ ਦਾ ਸਵਾਗਤ ਕੀਤਾ। ਤ੍ਰਿਪਤਾ ਕੇ. ਸਿੰਘ ਨੇ ਆਪਣੀ ਕਹਾਣੀ ਜਰੀਬ ਪੜ੍ਹ ਕੇ ਸੁਣਾਈ। ਚਰਚਾ ਦਾ ਆਗਾਜ਼ ਕਹਾਣੀਕਾਰ ਮਨਦੀਪ ਡਡਿਆਣਾ ਨੇ ਕੀਤਾ। ਉੱਘੇ ਕਹਾਣੀਕਾਰ ਬਲੀਜੀਤ, ਡਾ. ਸਵੈਰਾਜ ਸੰਧੂ, ਇੰਦਰਜੀਤ, ਸਤਨਾਮ ਸਿੰਘ ਸ਼ੋਕਰ, ਸਰੂਪ ਸਿਆਲਵੀ, ਸਰਦਾਰਾ ਸਿੰਘ ਚੀਮਾ, ਪਰਮਿੰਦਰ ਸਿੰਘ ਗਿੱਲ ਨੇ ਕਹਾਣੀ ਦੀ ਵੱਖ-ਵੱਖ ਪੱਖਾਂ ਤੋਂ ਪੜਚੋਲ ਕਰਦਿਆਂ ਸੁਝਾਅ ਦਿੱਤੇ। ਡਾ. ਦੀਪਕ ਮਨਮੋਹਨ ਨੇ ਕਿਹਾ ਕਿ ਅਜਿਹੀ ਚਰਚਾ ਦੇ ਸਾਰਥਿਕ ਨਤੀਜੇ ਨਿਕਲਦੇ ਹਨ। ਜੰਗ ਬਹਾਦੁਰ ਗੋਇਲ ਨੇ ਕਿਹਾ ਕਿ ਰਚਨਾਵਾਂ ’ਤੇ ਛਪਣ ਤੋਂ ਪਹਿਲਾਂ ਹੀ ਚਰਚਾ ਹੋਣੀ ਚਾਹੀਦੀ ਹੈ, ਬਾਅਦ ’ਚ ਨਵੀਂ ਬਹੂ ਵਾਂਗੂੰ ਸਭ ਨੇ ਸੋਹਣੀ ਹੀ ਕਹਿਣਾ ਹੁੰਦਾ ਹੈ। ਸੁਰ ਸਾਂਝ ਕਲਾ ਮੰਚ ਦੇ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਕਾਵਿ-ਰੰਗ ਸਮਾਗਮ
ਮੁਹਾਲੀ: ਇੱਥੋਂ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਸ਼ਾੲਿਰ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ‘ਕਾਵਿ-ਰੰਗ’ ਸਮਾਗਮ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸ੍ਰੀ ਪਾਤਰ ਅਤੇ ਹੋਰਨਾਂ ਕਵੀਆਂ ਦੇ ਪੰਜਾਬੀ ਕਵਿਤਾ ਦੇ ਖੇਤਰ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਸੁਰਜੀਤ ਪਾਤਰ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਦਫ਼ਤਰ ਵੱਲੋਂ ਪੰਜਾਬੀ ਜ਼ੁਬਾਨ ਦੇ ਸਮਰੱਥ ਕਵੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵੱਲੋਂ ਆਪਣੀਆਂ ਕਈ ਖੂਬਸੂਰਤ ਨਜ਼ਮਾਂ ਸੁਣਾਈਆਂ ਤੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।ਲਖਵਿੰਦਰ ਜੌਹਲ ਵੱਲੋਂ ‘ਔਰਤਾਂ’ ਅਤੇ ‘ਚੁੱਪ’ ਕਵਿਤਾਵਾਂ ਰਾਹੀਂ ਸਮਾਜ ਵਿਚਲੀਆਂ ਅਣਮਨੁੱਖੀ ਸਥਿਤੀਆਂ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਜਸਵੰਤ ਸਿੰਘ ਜ਼ਫ਼ਰ, ਡਾ. ਮਨਮੋਹਨ, ਸਰਬਜੀਤ ਕੌਰ ਸੋਹਲ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਸਤਪਾਲ ਭੀਖੀ ਤੇ ਜਗਦੀਪ ਸਿੱਧੂ ਤੋਂ ਇਲਾਵਾ ਸ਼ਾਇਰ ਤਰਸੇਮ ਨੇ ‘‘ਭਿਆਨਕ ਸਮੇਂ ’ਚ’’ ਅਤੇ ‘‘ਮਨੀਪੁਰ ’ਤੇ’’ ਕਵਿਤਾਵਾਂ ਰਾਹੀਂ ਸਮੁੱਚੇ ਸਿਸਟਮ ਵਿਚ ਮੌਜੂਦ ਖੱਪਿਆਂ ’ਤੇ ਪ੍ਰਸ਼ਨ ਚਿੰਨ੍ਹ ਲਾਇਆ ਗਿਆ।