ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 5 ਸਤੰਬਰ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਡਾ. ਅਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਕਾਮਰੇਡ ਮੰਗਤ ਰਾਮ ਪਾਸਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪੰਜਾਬ ਵਿੱਚ ਐਸਮਾ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਸਤਨਾਮ ਚਾਨਾ ਦੀ ਨਵੀਂ ਕਿਰਤ ‘ਚਿੰਤਨ ਪ੍ਰਕ੍ਰਿਆ: ਦਲੀਲ-ਬਾ-ਦਲੀਲ’ ਬਾਰੇ ਚਰਚਾ ਕੀਤੀ ਗਈ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਤਿਹਾਸ ਨੂੰ ਕਾਗਜ਼ ਨਹੀਂ, ਲੋਕ ਵੀ ਸੰਭਾਲਦੇ ਹਨ। ਡਾ. ਕਾਂਤਾ ਇਕਬਾਲ ਨੇ ਕਿਹਾ ਕਿ ਸੰਘਰਸ਼ ਹੋਂਦ ਲਈ ਕੀਤਾ ਜਾਂਦਾ ਹੈ। ਅਭੈ ਸਿੰਘ ਸੰਧੂ, ਪਰਮਿੰਦਰ ਸਿੰਘ ਗਿੱਲ ਤੇ ਡਾ. ਸੁਰਿੰਦਰ ਗਿੱਲ ਨੇ ਵੀ ਚਰਚਾ ਵਿੱਚ ਹਿੱਸਾ ਲਿਆ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੇਖਕ ਇਤਿਹਾਸ ਨੂੰ ਬਸਤੀਵਾਦੀ ਨਜ਼ਰੀਏ ਤੋਂ ਮੁਕਤ ਹੋ ਕੇ ਸਥਾਨਕ ਚਿੰਤਨ ਦੇ ਨਜ਼ਰੀਏ ਤੋਂ ਦੇਖਦਾ ਹੈ। ਸਤਨਾਮ ਚਾਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਉਸ ਸਮੇਂ ਦੀ ਲੋਕ ਮਾਨਸਿਕਤਾ ਨੂੰ ਸਮਝਣਾ ਸੌਖਾ ਹੋ ਗਿਆ ਹੈ। ਸੂਫੀਵਾਦ ਮੁਹੱਬਤ ਦਾ ਫਲਸਫਾ ਹੈ। ਡਾ. ਅਜੀਤ ਕੌਰ ਨੇ ਕਿਹਾ ਕਿ ਸਾਨੂੰ ਅੰਬੇਦਕਰ ਪੜ੍ਹਨ ਹੀ ਨਹੀਂ ਦਿੱਤਾ ਗਿਆ। ਸੱਜਨ ਸਿੰਘ ਨੇ ਧੰਨਵਾਦ ਕੀਤਾ। ਰਾਣੋ ਨੇ ਗੀਤ ਪੇਸ਼ ਕੀਤਾ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।