ਜੰਗ ਦੇ ਇਤਿਹਾਸਕ ਤੇ ਸਮਕਾਲੀ ਪ੍ਰਸੰਗਾਂ ਬਾਰੇ ਚਰਚਾ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਅੱਜ ਕਲਾ ਭਵਨ ਸੈਕਟਰ 16 ਵਿੱਚ ‘ਜੰਗ ਨੂੰ ਸਮਝਦਿਆਂ: ਦਾਰਸ਼ਨਿਕ, ਇਤਿਹਾਸਕ ਤੇ ਸਮਕਾਲੀ ਪਰਿਪੇਖ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਦਘਾਟਨੀ ਸੈਸ਼ਨ...
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਅੱਜ ਕਲਾ ਭਵਨ ਸੈਕਟਰ 16 ਵਿੱਚ ‘ਜੰਗ ਨੂੰ ਸਮਝਦਿਆਂ: ਦਾਰਸ਼ਨਿਕ, ਇਤਿਹਾਸਕ ਤੇ ਸਮਕਾਲੀ ਪਰਿਪੇਖ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਦਘਾਟਨੀ ਸੈਸ਼ਨ ’ਚ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ, ‘‘ਜੰਗ ਸਾਡੇ ਸੱਭਿਆਚਾਰ ਨੂੰ ਬਦਲਦੀ ਹੈ। ਸਾਡੀ ਆਰਥਿਕਤਾ ਅਤੇ ਵਾਤਾਵਰਨ ਨੂੰ ਤਬਾਹ ਕਰਦੀ ਹੈ। ਸਾਡਾ ਮਕਸਦ ਸੈਮੀਨਾਰ ਵਿਚ ਸਰਸਰੀ ਗੱਲਬਾਤ ਕਰਨਾ ਨਹੀਂ ਸਗੋਂ ਡੂੰਘਾ ਜਾ ਕੇ ਇਸ ਦੀ ਘੋਖ ਕਰਨਾ ਹੈ।’’ ਇਸ ਉਪਰੰਤ ਡਾ. ਸ਼ੈਲੀ ਵਾਲੀਆ ਨੇ ਕੁੰਜੀਵਤ ਭਾਸ਼ਣ ਦਿੱਤਾ ਅਤੇ ਕਿਹਾ ਕਿ ਜੰਗ ਬਾਰੇ ਗੱਲ ਕਰਨਾ ਹੀ ਆਪਣੇ ਆਪ ’ਚ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ, ‘‘ਜੰਗ ਦਾ ਅੰਜਾਮ ਅਸੀਂ ਦੋ ਵਿਸ਼ਵ ਜੰਗਾਂ ’ਚ ਵਿਚ ਦੇਖ ਲਿਆ ਹੈ।’’ ਪ੍ਰੋ. ਰੌਣਕੀ ਰਾਮ ਨੇ ਕਿਹਾ, ‘‘ਜਦੋਂ ਤਾਕਤ ਪੂਰੇ ਜੋਬਨ ’ਤੇ ਹੁੰਦੀ ਹੈ ਤਾਂ ਉਹ ਇਸ ਤਰ੍ਹਾਂ ਕਰਦੀ ਹੈ ਜਿਵੇਂ ਅਮਰੀਕਾ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਰਾਨ ’ਤੇ ਹਮਲੇ ਦਾ ਮੁੱਖ ਕਾਰਨ ਤੇਲ ਤੇ ਹਥਿਆਰ ਬਣਾਉਣ ਤੋਂ ਰੋਕਣਾ ਹੈ। ਉੱਘੇ ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਭਾਰਤੀ ਪਰੰਪਰਾ ਵਿਚ ਜੰਗ ਨੂੰ ਧਰਮ ਯੁੱਧ ਵਜੋਂ ਲਿਆ ਜਾਂਦਾ ਸੀ। ਉਨ੍ਹਾਂ ਅਗਾਂਹ ਕਿਹਾ ਕਿ ਦੇਖਣਾ ਹੋਵੇਗਾ ਜੰਗ ਕਿਸ ਕਾਰਨ ‘ਚੋਂ ਨਿਕਲੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੇਖਣਾ ਹੋਵੇਗਾ ਕਿ ਜੰਗ ਕਿੱਥੋਂ ਤਕ ਡਿਜੀਟਲ ਹੁੰਦੀ ਹੈ। ਅਗਲੇ ਦੌਰ ਦੇ ਬੁਲਾਰੇ ਵਜੋੱ ਡਾ. ਪ੍ਰਤਿਭਾ ਦਿਓਲ ਨੇ ਅਮਰਜੀਤ ਗਰੇਵਾਲ ਦੀ ਕਵਿਤਾ ਦਾ ਉਦਾਹਰਨ ਦਿੰਦੇ ਹੋਏ ਲੋੜ ਤੇ ਹੋੜ ਦੀ ਗੱਲ ਕੀਤੀ। ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਕਲਾ ਪਰਿਸ਼ਦ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ। ਪਹਿਲੇ ਅਕਾਦਮਿਕ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ, ‘‘ਸਾਨੂੰ ਜੰਗ ਨੂੰ ਸਮਝਣ ਦੀ ਲੋੜ ਹੈ। ਅਸੀਂ ਜੰਗ ਵਿਚ ਧਿਰ ਬਣ ਜਾਂਦੇ ਹਾਂ, ਸਾਡਾ ਮੀਡੀਆਂ ਖ਼ਬਰਾਂ ਵਿਚ ਇਸ ਤਰ੍ਹਾਂ ਦੇ ਵਾਕ ਵਰਤਦਾ ਹੈ ਜਿਸ ਤੋਂ ਲੱਗਦਾ ਹੈ ਕਿ ਜੰਗ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਤੋਂ ਡਾ. ਪਰਮਜੀਤ ਸਿੰਘ ਨੇ ਜੰਗ ਬਾਰੇ ਤੇਲ ਪੱਖੋਂ ਗੱਲ ਕੀਤੀ। ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਕਿਹਾ ਕਿ ਜੰਗ ਦੀ ਆਪਣੀ ਸਿਆਸਤ ਹੈ। ਸੈਮੀਨਾਰ ਦੇ ਆਖ਼ਰੀ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡੀ.ਯੂ.ਆਈ. ਪੰਜਾਬ ਯੂਨੀਵਰਸਿਟੀ ਪ੍ਰੋ. ਯੋਜਨਾ ਰਾਵਤ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸਨ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ ਜਦਕਿ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਸਰੋਤਿਆਂ ਦਾ ਧੰਨਵਾਦ ਕੀਤਾ।

