ਸਾਹਿਤ ਚਿੰਤਨ ਚੰਡੀਗੜ੍ਹ ਦੀ ਮਈ ਮਹੀਨੇ ਦੀ ਮਾਸਿਕ ਇਕੱਤਰਤਾ ਅੱਜ ਸੈਕਟਰ 35 ਬੀ ਵਿੱਚ ਕਮਿਸ਼ਨਰ ਅਸ਼ੋਕ ਕੁਮਾਰ ਗਰਗ (ਆਈ ਏ ਐੱਸ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਸਦ ਮੈਂਬਰ ਕਰਮਵੀਰ ਸਿੰਘ ਬੋਧ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਡਾ. ਮਨੋਜ ਛਾਬੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਮੀਟਿੰਗ ਵਿੱਚ ਰਾਜ ਕੁਮਾਰ ਜਾਂਗੜਾ ਨੇ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ, ਜਦਕਿ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ। ਇਸ ਮੌਕੇ ਹਰਿਆਣਾ ਦੀਆਂ 41 ਮਹਿਲਾ ਸਫ਼ਾਈ ਕਰਮਚਾਰੀਆਂ ਦੀ ਆਪ-ਬੀਤੀ ਪੁਸਤਕ ‘ਜ਼ਹਿਰ ਜੋ ਹਮ ਨੇ ਪੀਆ’ ਉੱਤੇ ਚਰਚਾ ਕਰਵਾਈ ਗਈ।
ਡਾ. ਜਗਦੀਸ਼ ਚੰਦਰ ਨੇ ਕਿਹਾ ਕਿ ਇਹ ਪੁਸਤਕ ਸਮਾਜ ਦੀਆਂ ਚੂਲਾਂ ਹਿਲਾ ਦੇਣ ਵਾਲਾ ਦਸਤਾਵੇਜ਼ ਹੈ। ਸੰਸਦ ਮੈਂਬਰ ਕਰਮਵੀਰ ਸਿੰਘ ਬੋਧ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਿੱਚ ਸਾਂਝੇ ਘੜੇ ਵਿੱਚੋਂ ਪਾਣੀ ਪੀਣ ਦੀ ਮਨਾਹੀ ਸੀ।
ਡਾ. ਰਾਜੇਸ਼ ਜੈਸਵਾਲ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਸਾਡੇ ਮੁਲਕ ਵਿੱਚ ਕੂੜਾ ਖਿਲਾਰਨ ਵਾਲੇ ਸਨਮਾਨਿਤ ਅਤੇ ਕੂੜਾ ਸਾਫ਼ ਕਰਨ ਵਾਲੇ ਅਪਮਾਨਿਤ ਹੁੰਦੇ ਹਨ। ਅਭੈ ਸਿੰਘ ਨੇ ਕਿਹਾ ਕਿ ਵਿਕਸਿਤ ਮੁਲਕਾਂ ਵਿੱਚ ਸਫਾਈ ਕਰਮਚਾਰੀਆਂ ਨੂੰ ਨਫਰਤ ਨਹੀਂ ਕੀਤੀ ਜਾਂਦੀ। ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਪਰਲੇ ਵਰਗ ਦਾ ਤਕੜੇ ਹੋਈ ਜਾਣਾ ਫਿਕਰ ਵਾਲੀ ਗੱਲ ਹੈ। ਮਹਿਲਾ ਸਫ਼ਾਈ ਕਰਮਚਾਰੀਆਂ ਵੈਸ਼ਨਵੀ, ਸੇਵਾ ਤੇ ਅਨੀਤਾ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਦੇ ਬਾਹਰ ਬਣੇ ਚਬੂਤਰੇ ’ਤੇ ਬੈਠਣਾ ਵਰਜਿਤ ਹੈ। ਵਿਸ਼ੇਸ਼ ਮਹਿਮਾਨ ਕਵੀ ਤੇ ਪ੍ਰਿੰਸੀਪਲ ਡਾ. ਮਨੋਜ ਛਾਬੜਾ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਪਵੇਗਾ। ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਨੂੰ ਧਾਰਮਿਕ ਗ੍ਰੰਥਾਂ ਨਾਲੋਂ ਲੋਕ ਸੰਘਰਸ਼ਾਂ ’ਤੇ ਟੇਕ ਰੱਖਣੀ ਚਾਹੀਦੀ ਹੈ। ਅਜੋਕੇ ਦੌਰ ਵਿੱਚ ਵਿੱਦਿਆ ਹੀ ਕਾਰਗਰ ਹਥਿਆਰ ਹੈ। ਡਾ. ਅਰੀਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।

