ਪੱਤਰ ਪ੍ਰੇਰਕ
ਚੰਡੀਗੜ੍ਹ, 8 ਜੁਲਾਈ
ਪੀਜੀਆਈ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ਼ ਨੂੰ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਮਾਮਲੇ ਨੂੰ ਪੀਜੀਆਈ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਆਈ.ਆਈ.ਟੀ. ਰੋਪੜ ਦੀ ਮਦਦ ਨਾਲ ਦੋ ਅਜਿਹੇ ਆਧੁਨਿਕ ਡਿਵਾਈਸ ‘ਮੈਡੀ ਸਾਰਥੀ’ ਅਤੇ ‘ਅਲ-ਪਾਵਰਡ ਟਰਾਲੀ’ ਤਿਆਰ ਕੀਤੇ ਗਏ ਹਨ ਜਿਨ੍ਹਾਂ ਨਾਲ ਮੈਡੀਕਲ ਸਟਾਫ ਦਾ ਕਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਉਣਾ ਘੱਟ ਜਾਵੇਗਾ।
ਡੀਨ (ਅਕਾਦਮਿਕ) ਪ੍ਰੋ. ਜੀ.ਡੀ. ਪੁਰੀ, ਡਾ. ਜੀ. ਰਾਜਾ ਰਾਜਨ ਦੀ ਅਗਵਾਈ ਵਾਲੇ ਖੋਜਾਰਥੀਆਂ ਅਤੇ ਆਈ.ਆਈ.ਟੀ. ਰੋਪੜ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਤੋਂ ਐਸੋਸੀਏਟ ਪ੍ਰੋਫ਼ੈਸਰ ਡਾ. ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਇਹ ਦੋਵੇਂ ਊਪਕਰਨ ਤਿਆਰ ਕੀਤੇ ਗਏ ਹਨ। ਇਨ੍ਹਾਂ ਡਿਵਾਈਸਾਂ ਦੀ ਰਸਮੀ ਤੌਰ ’ਤੇ ਲਾਂਚਿੰਗ ਅੱਜ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਦੋਵੇਂ ਸੰਸਥਾਵਾਂ ਦੇ ਖੋਜਾਰਥੀਆਂ ਅਤੇ ਇੰਜਨੀਅਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿਰਫ਼ ਕੋਵਿਡ-19 ਦੌਰਾਨ ਹੀ ਨਹੀਂ ਸਗੋਂ ਇਹ ਊਪਕਰਨ ਭਵਿੱਖ ਵਿੱਚ ਵੀ ਇਸਤੇਮਾਲ ਕੀਤੇ ਜਾਂਦੇ ਰਹਿਣਗੇ ਤਾਂ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਤੱਕ ਸਟਾਫ਼ ਦਾ ਸੰਪਰਕ ਘਟਾਇਆ ਜਾ ਸਕੇ।
ਬੈੱਡ ਦਾ ਨੰਬਰ ਭਰਨ ’ਤੇ ਹੀ ਮਰੀਜ਼ ਕੋਲ ਪਹੁੰਚ ਜਾਵੇਗੀ ਰਿਮੋਟ ਟਰਾਲੀ
ਪੀਜੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ‘ਮੈਡੀ ਸਾਰਥੀ’ ਟਰਾਲੀ ਦੀ ਮਦਦ ਨਾਲ ਪੀਜੀਆਈ ਦੇ ਕੋਵਿਡ ਹਸਪਤਾਲ ਵਿੱਚ ਇਲਾਜ ਅਧੀਨ ਕਰੋਨਾ ਮਰੀਜ਼ਾਂ ਤੱਕ ਖਾਣਾ, ਦਵਾਈਆਂ ਆਦਿ ਪਹੁੰਚਾਈਆਂ ਜਾ ਸਕਣਗੀਆਂ। ਰਿਮੋਟ ਨਾਲ ਚੱਲਣ ਵਾਲੀ ਇਸ ਟਰਾਲੀ ਦੀ ਵਿਧੀ ਇੰਨੀ ਆਸਾਨ ਹੈ ਕਿ ਮਰੀਜ਼ ਦਾ ਬੈੱਡ ਨੰਬਰ ਭਰਨ ਨਾਲ ਇਹ ਟਰਾਲੀ ਉਸੇ ਬੈੱਡ ਦੇ ਕੋਲ ਜਾ ਕੇ ਰੁਕੇਗੀ ਅਤੇ ਮਰੀਜ਼ ਤੱਕ ਦਵਾਈ ਜਾਂ ਖਾਣਾ ਪਹੁੰਚ ਜਾਵੇਗਾ। ਇਸ ਦੀ ਵਰਤੋਂ ਨਾਲ ਹਸਪਤਾਲ ਦੇ ਨਰਸਿੰਗ ਜਾਂ ਹੋਰ ਸਟਾਫ਼ ਦਾ ਮਰੀਜ਼ਾਂ ਕੋਲ ਵਾਰ-ਵਾਰ ਆਉਣਾ-ਜਾਣਾ ਘਟੇਗਾ। ਇਸ ਟਰਾਲੀ ਨੂੰ ਥਰਮਲ ਆਰਜੀਬੀ ਕੈਮਰੇ ਸਮੇਤ ਹੋਰ ਕਈ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਤਾਂ ਕਿ ਮਰੀਜ਼ ਦੀ ਥਰਮਲ ਸਕੈਨਿੰਗ ਵੀ ਇਸੇ ਊਪਕਰਨ ਨਾਲ ਕੀਤੀ ਜਾ ਸਕੇ। ਇਸੇ ਤਰ੍ਹਾਂ ਊਪਕਰਨ ‘ਅਲ-ਪਾਵਰਡ ਟਰਾਲੀ’ ਇੱਕ ਡਰੋਨ ਦੀ ਸ਼ਕਲ ਵਰਗੀ ਬਣਾਈ ਗਈ ਹੈ ਜਿਸ ਨਾਲ 3 ਕਿਲੋਗ੍ਰਾਮ ਤੱਕ ਦਾ ਸਾਮਾਨ ਪੀਜੀਆਈ ਕੈਂਪਸ ਦੇ ਅੰਦਰ-ਅੰਦਰ ਇੱਧਰੋਂ ਉੱਧਰ ਪਹੁੰਚਾਇਆ ਜਾ ਸਕੇਗਾ। ਇਸ ਡਰੋਨ ਦੀ ਉੱਡਣ ਸਮਰੱਥਾ ਤਿੰਨ ਕਿਲੋਮੀਟਰ ਦੀ ਦੱਸੀ ਗਈ ਹੈ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਡਰੋਨ ਨੂੰ ਕੈਂਪਸ ਦੇ ਅੰਦਰ ਉਡਾਉਣ ਲਈ ਕਿਸੇ ਵੀ ਪ੍ਰਕਾਰ ਦੀ ਅੜਚਣ ਦੂਰ ਕਰਨ ਲਈ ਯੂਟੀ ਪ੍ਰਸ਼ਾਸਨ ਨਾਲ ਰਾਬਤਾ ਬਣਾਇਆ ਜਾਵੇਗਾ।