ਲੌਕਡਾਊਨ ਦੇ ਬਾਵਜੂਦ ਚੰਡੀਗੜ੍ਹੀਆਂ ਨੇ ਖ਼ਰੀਦੀਆਂ ਲਗਜ਼ਰੀ ਗੱਡੀਆਂ

ਲੌਕਡਾਊਨ ਦੇ ਬਾਵਜੂਦ ਚੰਡੀਗੜ੍ਹੀਆਂ ਨੇ ਖ਼ਰੀਦੀਆਂ ਲਗਜ਼ਰੀ ਗੱਡੀਆਂ

ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਹਨ। ਇਸ ਸੋਹਣੇ ਸ਼ਹਿਰ ਦੇ ਲੋਕਾਂ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਕੀਤੇ ਗਏ ਲੌਕਡਾਊਨ ਦੇ ਬਾਵਜੂਦ ਵਧ-ਚੜ੍ਹ ਕੇ ਮਹਿੰਗੀਆਂ ਗੱਡੀਆਂ ਖ਼ਰੀਦਿਆਂ ਅਤੇ ਲਾਇਸੈਂਸਿੰਗ ਤੇ ਰਜਿਸਟਰੇਸ਼ਨ ਅਥਾਰਟੀ ਕੋਲ ਰਜਿਸਟਰਡ ਕਰਵਾਈਆਂ ਗਈਆਂ ਹਨ। ਭਾਵੇਂ ਕਿ ਦੁਨੀਆਂ ਭਰ ਵਿਚ ਕਰੋਨਾਵਾਇਰਸ ਕਾਰਨ ਕਾਰੋਬਾਰ ਠੱਪ ਹੋ ਕੇ ਰਹਿ ਗੲੇ ਹਨ ਪਰ ਚੰਡੀਗੜ੍ਹੀਆਂ ਵੱਲੋਂ ਮਹਿੰਗੀਆਂ ਕਾਰਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਨੌਜਵਾਨ ਬੁਲੇਟ ਮੋਟਰਸਾਈਕਲ ਖ਼ਰੀਦਣ ਰੱਖਣ ਦਾ ਸ਼ੌਕ ਵੀ ਰੱਖਦੇ ਹਨ ਅਤੇ ਚੰਡੀਗੜ੍ਹ ਵਿੱਚ ਇਸ ਸਾਲ ’ਚ ਰੋਜ਼ਾਨਾ ਔਸਤ ਪੰਜ ਬੁਲੇਟ ਮੋਟਰਸਾਈਕਲਾਂ ਦੀ ਖ਼ਰੀਦ ਕੀਤੀ ਗਈ।

ਚੰਡੀਗੜ੍ਹ ਦੇ ਲੋਕਾਂ ਵੱਲੋਂ ਮਹਿੰਗੀਆਂ ਗੱਡੀਆਂ ’ਤੇ ਮਹਿੰਗੇ ਨੰਬਰ ਖ਼ਰੀਦਣ ਲਈ ਵੀ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਟਰਾਂਸਪੋਰਟ ਵਿਭਾਗ ਕੋਲ ਪਹਿਲੀ ਜਨਵਰੀ 2016 ਤੋਂ 15 ਜੁਲਾਈ 2020 ਤੱਕ ਚੰਡੀਗੜ੍ਹ ’ਚ ਨਵੀਆਂ 902 ਔਡੀ ਕਾਰਾਂ ਰਜਿਸਟਰਡ ਹੋਈਆਂ ਹਨ। ਸਾਲ 2016 ਵਿੱਚ 212, ਸਾਲ 2017 ਵਿੱਚ 199, ਸਾਲ 2018 ਵਿੱਚ 206, ਸਾਲ 2019 ਵਿੱਚ 224 ਅਤੇ ਸਾਲ 2020 ਵਿੱਚ ਹੁਣ ਤੱਕ 61 ਔਡੀ ਕਾਰਾਂ ਰਜਿਸਟਰਡ ਹੋਈਆਂ ਹਨ ਜਦਕਿ ਸਰਕਾਰੀ ਅੰਕੜਿਆਂ ਅਨੁਸਾਰ ਪਹਿਲੀ ਜਨਵਰੀ 2016 ਤੋਂ 15 ਜੁਲਾਈ 2020 ਤੱਕ 781 ਬੀਐੱਮਡਬਲਿਊ ਕਾਰਾਂ ਰਜਿਸਟਰਡ ਹੋਈਆਂ ਹਨ। ਇਹ ਕਾਰਾਂ ਸਾਲ 2016 ਵਿੱਚ 143, ਸਾਲ 2017 ਵਿੱਚ 174, ਸਾਲ 2018 ਵਿੱਚ 162, ਸਾਲ 2019 ਵਿੱਚ 196 ਤੇ ਸਾਲ 2020 ਵਿੱਚ ਹੁਣ ਤੱਕ 106 ਰਜਿਸਟਰਡ ਹੋਈਆਂ ਹਨ।

ਬੁਲੇਟ ਮੋਟਰਸਾਈਕਲ ਖ਼ਰੀਦਣ ਵਿੱਚ ਵੀ ਚੰਡੀਗੜ੍ਹ ਦੇ ਲੋਕ ਕਿਸੇ ਨਾਲੋਂ ਘੱਟ ਨਹੀਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਚੰਡੀਗੜ੍ਹੀਆਂ ਨੇ 8617 ਬੁਲੇਟ ਮੋਟਰਸਾਈਕਲ ਰਜਿਸਟਰਡ ਕਰਵਾਏ ਹਨ ਜਿਨ੍ਹਾਂ ਵਿੱਚੋਂ ਸਾਲ 2016 ਵਿੱਚ 2182, ਸਾਲ 2017 ਵਿੱਚ 2510, ਸਾਲ 2018 ਵਿੱਚ 2230, ਸਾਲ 2019 ਵਿੱਚ 960 ਅਤੇ ਸਾਲ 2020 ਵਿੱਚ ਹੁਣ ਤੱਕ 735 ਬੁਲੇਟ ਮੋਟਰਸਾਈਕਲਾਂ ਦੀ ਖ਼ਰੀਦ ਕੀਤੀ ਗਈ ਹੈ। ਕਾਰ ਕੰਪਨੀਆਂ ਦੇ ਮੁਲਾਜ਼ਮਾਂ ਦੀ ਮੰਨੀਏ ਤਾਂ ਚੰਡੀਗੜ੍ਹ ਵਿੱਚ ਮਹਿੰਗੀ ਗੱਡੀਆਂ ਖ਼ਰੀਦਣ ਵਾਲੇ ਜ਼ਿਆਦਾਤਰ ਲੋਕ ਵਪਾਰੀ ਵਰਗ ਨਾਲ ਸਬੰਧਤ ਹਨ। ਡਾਕਟਰ, ਵਕੀਲ, ਰਾਜਨੇਤਾ, ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਲੋਕ ਮਹਿੰਗੀਆਂ ਗੱਡੀਆਂ ਖ਼ਰੀਦਣ ਦਾ ਸ਼ੌਕ ਰੱਖਦੇ ਹਨ। ਮਿਲੀ ਜਾਣਕਾਰੀ ਅਨੁਸਾਰ ਔਡੀ ਕਾਰ ਦੀ ਕੀਮਤ 30 ਲੱਖ ਤੋਂ ਸ਼ੁਰੂ ਹੋ ਕੇ 2.75 ਕਰੋੜ ਰੁਪਏ ਤੱਕ ਹੈ ਤੇ ਬੀਐੱਮਡਬਲਿਊ ਕਾਰ ਦੀ ਕੀਮਤ 40 ਲੱਖ ਤੋਂ ਲੈ ਕੇ 2.5 ਕਰੋੜ ਰੁਪਏ ਤੱਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All