Dera Bassi: ਡੇਰਾਬੱਸੀ ਕੌਂਸਲ ਦੀ ਪਹਿਲੀ ਮੀਟਿੰਗ ’ਚ 23 ਵਿੱਚੋਂ 20 ਏਜੰਡੇ ਪਾਸ
ਨਗਰ ਕੌਂਸਲ ਡੇਰਾਬੱਸੀ ਦੀ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਪਹਿਲੀ ਮੀਟਿੰਗ ਵਿੱਚ ਕੁੱਲ 23 ਏਜੰਡੇ ਪੇਸ਼ ਕੀਤੇ ਗਏ, ਇਨ੍ਹਾਂ ਵਿੱਚੋਂ 20 ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕੌਂਸਲਰਾਂ ਦਾ ਸਵਾਗਤ ਕਰਦਿਆਂ ਨੇ ਕਿਹਾ ਕਿ...
ਨਗਰ ਕੌਂਸਲ ਡੇਰਾਬੱਸੀ ਦੀ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਪਹਿਲੀ ਮੀਟਿੰਗ ਵਿੱਚ ਕੁੱਲ 23 ਏਜੰਡੇ ਪੇਸ਼ ਕੀਤੇ ਗਏ, ਇਨ੍ਹਾਂ ਵਿੱਚੋਂ 20 ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕੌਂਸਲਰਾਂ ਦਾ ਸਵਾਗਤ ਕਰਦਿਆਂ ਨੇ ਕਿਹਾ ਕਿ ਕੌਂਸਲ ਦੀ ਮੀਟਿੰਗ ਕਿਸੇ ਸਿਆਸੀ ਪਾਰਟੀ ਦੀ ਨਹੀਂ ਹੁੰਦੀ, ਸਗੋਂ ਸਾਰੇ ਕੌਂਸਲਰ ਪਰਿਵਾਰਕ ਮੈਂਬਰਾਂ ਵਾਂਗ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ। ਨਗਰ ਕੌਂਸਲ ਦਾ ਮੁੱਖ ਮਕਸਦ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨਾ ਹੈ।
ਮੀਟਿੰਗ ਦੌਰਾਨ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਨਾਲ ਸਬੰਧਤ ਮੁੱਦਿਆਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ। ਮੁੱਖ ਮੰਤਰੀ ਪੰਜਾਬ ਵੱਲੋਂ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਤਨਖ਼ਾਹ ਦੁੱਗਣੀ ਕਰਨ ਸਬੰਧੀ ਕੀਤੇ ਐਲਾਨ ਨੂੰ ਵੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਵਿੱਚ ਤਹਿਸੀਲ ਰੋਡ ’ਤੇ ਪਾਰਕਿੰਗ ਨੇੜੇ ਰਾਮ ਤਲਾਈ ਦੇ ਵਿਕਾਸ ਦੌਰਾਨ ਹਟਾਏ ਕਰੀਬ 10 ਖੋਖਾ ਮਾਲਕਾਂ ਨੂੰ ਘੱਟ ਕਿਰਾਏ ’ਤੇ ਜਗ੍ਹਾ ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਕੁਝ ਸਾਲ ਪਹਿਲਾਂ ਆਵਾਰਾ ਪਸ਼ੂਆਂ ਦੇ ਹਮਲੇ ਕਾਰਨ ਹੋਈ ਇੱਕ ਜਣੇ ਦੀ ਮੌਤ ਦੇ ਮਾਮਲੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਸਬੰਧੀ ਮਤਾ ਪਾਸ ਕੀਤਾ ਗਿਆ।
ਡੇਰਾਬੱਸੀ ਨੂੰ ਕੂੜਾ ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਨਗਰ ਕੌਂਸਲ ਵੱਲੋਂ ਸਵੱਛ ਸਰਵੇਖਣ-2026 ਵਿੱਚ ਹਿੱਸਾ ਲੈਣ ਸਬੰਧੀ ਰਿਪੋਰਟ ਵੀ ਸਦਨ ਵਿੱਚ ਪੇਸ਼ ਕੀਤੀ ਗਈ। ਤਹਿਸੀਲ ਰੋਡ ਨੂੰ ਹੈਰੀਟੇਜ ਸਟ੍ਰੀਟ ਵਜੋਂ ਵਿਕਸਤ ਕਰਨ ਦਾ ਮਤਾ ਵੀ ਵਿਚਾਰਿਆ ਗਿਆ।
ਸਵੱਛ ਭਾਰਤ ਮਿਸ਼ਨ ਦੇ ਨਿਯਮਾਂ ਅਨੁਸਾਰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਜੁਰਮਾਨਾ ਲਗਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੀ ਸੂਚਨਾ ਦੇਣ ਵਾਲੇ ਨੂੰ 500 ਰੁਪਏ ਇਨਾਮ ਦੇਣ ਦਾ ਪ੍ਰਬੰਧ ਵੀ ਰੱਖਿਆ ਗਿਆ ਹੈ।
ਮੀਟਿੰਗ ਦੌਰਾਨ ਵਾਰਡ ਨੰਬਰ 7 ਅਤੇ 8 ਅਧੀਨ ਆਉਂਦੀਆਂ ਕੁਝ ਕਾਲੋਨੀਆਂ ਨੂੰ ਨਗਰ ਕੌਂਸਲ ਦੇ ਅਧੀਨ ਲੈਣ ਦਾ ਮੁੱਦਾ ਵੀ ਵਿਚਾਰਿਆ ਗਿਆ। ਜੀ ਬੀ ਪੀ, ਈਕੋ ਹੋਮਜ਼, ਈਕੋ ਹੋਮਜ਼ 1, ਈਕੋ ਹੋਮਜ਼ 2, ਈਕੋ ਗ੍ਰੀਨ 1, ਈਕੋ ਗ੍ਰੀਨ 2 ਅਤੇ ਰੋਜ਼ਵੁੱਡ 2 ਦੇ ਵਸਨੀਕਾਂ ਵੱਲੋਂ ਨਗਰ ਕੌਂਸਲ ਨੂੰ ਲਿਖਤੀ ਰੂਪ ਵਿੱਚ ਇਨ੍ਹਾਂ ਕਲੋਨੀਆਂ ਨੂੰ ਟੇਕਓਵਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ’ਤੇ ਸਦਨ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਕੌਂਸਲਰਾਂ ਨੇ ਡੇਰਾਬੱਸੀ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਿਲਜੁਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ।

