ਬੀ.ਐੱਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 28 ਸਤੰਬਰ
ਸੈਰ ਸਪਾਟਾ ਵਿਭਾਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੈਯੰਤੀ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ, ਸ੍ਰੀ ਗੁਰੂ ਤੇਗ ਬਹਾਦੁਰ ਮਿਊਜ਼ੀਅਮ ਅਤੇ ਪੰਜ ਪਿਆਰਾ ਪਾਰਕ ਨੂੰ ਬਹੁਤ ਹੀ ਸੁੰਦਰ ਤੇ ਮਨਮੋਹਕ ਢੰਗ ਨਾਲ ਰੁਸ਼ਨਾਇਆ ਗਿਆ। ਵਿਸ਼ਵ ਸੈਰ ਸਪਾਟਾ ਦਿਹਾੜੇ ਮੌਕੇ ਇੱਥੇ ਆਉਣ ਵਾਲੇ ਸੈਲਾਨੀਆਂ ਦਾ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਡੀਟੋਰੀਅਮ ਵਿੱਚ ਪ੍ਰਭਾਵਸ਼ਾਲੀ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਵਿਰਾਸਤ-ਏ-ਖਾਲਸਾ ਤੇ ਦਾਸਤਾਨ-ਏ-ਸ਼ਹਾਦਤ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਚਿਰਕੋਣੀ ਮੰਗ ਵੀ ਪੂਰੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸੈਲਾਨੀਆਂ ਦੀ ਮੰਗ ਉਤੇ ਮਿਊਜ਼ੀਅਮ ਦੇਖਣ ਲਈ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ ਸਹੂਲਤ ਲਈ ਆਨਲਾਈਨ ਬੁਕਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜੋ ਕਿ ਇੱਕ ਵੱਡੀ ਸੋਗਾਤ ਲੋਕਾਂ ਨੂੰ ਮਿਲੀ ਹੈ।