ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਗਸਤ
ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪੰਜਾਬੀ ਬੋਲੀ ਨੂੰ ਚੰਡੀਗੜ੍ਹ ਵਿੱਚ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੰਘਰਸ਼ ਦੀ ਕੜੀ ਵਜੋਂ ਅੱਜ ਸੈਕਟਰ 35-22 ਦੇ ਪਿਕਾਰਡਲੀ ਚੌਕ ਵਿੱਚ ਯੂਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਅਤੇ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ‘ਮਾਂ-ਬੋਲੀ ਪੰਜਾਬੀ ਨਾਲ ਪਿਆਰ ਕਰੋ’ ਲਿਖੇ ਪੋਸਟਰ ਅਤੇ ਪੈਂਤੀ ਅੱਖਰੀ ਲਿਖੀਆਂ ਤਖ਼ਤੀਆਂ ਫੜ ਕੇ ਚੌਕ ਦੇ ਚਾਰੋਂ ਪਾਸੇ ਪ੍ਰਦਰਸ਼ਨ ਕੀਤਾ। ਉਨ੍ਹਾਂ ਚੌਕ ਤੋਂ ਗੁਜ਼ਰ ਰਹੇ ਰਾਹਗੀਰਾਂ ਨੂੰ ਵੀ ਪੰਜਾਬੀ ਭਾਸ਼ਾ ਲਈ ਸੰਘਰਸ਼ ਪ੍ਰਤੀ ਜਾਗਰੂਕ ਕੀਤਾ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੰਚ ਵੱਲੋਂ ਚੰਡੀਗੜ੍ਹ ਵਿੱਚ ਇੱਥੋਂ ਦੀ ਮਾਤ ਭਾਸ਼ਾ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ। ਇਸ ਕਰ ਕੇ ਪੰਜਾਬੀ ਹਿਤੈਸ਼ੀਆਂ ਵਿੱਚ ਅਧਿਕਾਰੀਆਂ ਪ੍ਰਤੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਪੰਜਾਬੀਆਂ ਦੀ ਇਸ ਬਿਲਕੁਲ ਜਾਇਜ਼ ਮੰਗ ਵੱਲ ਕੀਤੀ ਜਾ ਰਹੀ ਅਣਦੇਖੀ ਕਰ ਕੇ ਰੋਸ ਵਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੰਘਰਸ਼ ਉਲੀਕੇ ਜਾਣਗੇ।
ਬੁਲਾਰਿਆਂ ਨੇ ਕਿਹਾ ਕਿ ਜੇ ਸਰਕਾਰਾਂ ਦੀ ਪੰਜਾਬੀ ਬੋਲੀ ਪ੍ਰਤੀ ਬੇਰੁਖ਼ੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਭਵਿੱਖ ਵਿੱਚ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿੱਚ ਗੁਰਬਾਣੀ ਪੜ੍ਹਨ ਵਿੱਚ ਵੀ ਦਿੱਕਤ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਮਸਲਾ ਬੇਹੱਦ ਗੰਭੀਰ ਹੈ ਜੋ ਸਾਡੇ ਧਰਮ, ਸਾਡੀ ਮਾਂ-ਬੋਲੀ, ਪੰਜਾਬੀ ਸੱਭਿਆਚਾਰ ਅਤੇ ਸਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਸ ਲਈ ਹਰ ਪੰਜਾਬੀ ਹਿਤੈਸ਼ੀ ਨੂੰ ਮੰਚ ਦੇ ਸੰਘਰਸ਼ਾਂ ਵਿੱਚ ਹਿੱਸਾ ਲੈਣ ਦੀ ਲੋੜ ਹੈ।
ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਪਰਮਿੰਦਰ ਸਿੰਘ ਧਨਾਸ, ਕਿਰਪਾਲ ਸਿੰਘ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕਾਮਰੇਡ ਰਾਜ ਕੁਮਾਰ, ਕਲਾਕਾਰ ਬਲਕਾਰ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਪ੍ਰਹਿਲਾਦ ਸਿੰਘ, ਜਸਵਿੰਦਰ ਕੌਰ ਬਹਿਲਾਣਾ, ਸਮੂਹ ਗੁਰਦੁਆਰਾ ਸੰਗਠਨ ਚੰਡੀਗੜ੍ਹ ਦੇ ਜਨਰਲ ਸਕੱਤਰ ਰਘੁਬੀਰ ਸਿੰਘ, ਗੁਰਦੁਆਰਾ ਸਾਹਿਬ ਸੈਕਟਰ 30 ਤੋਂ ਵੀ ਕਮੇਟੀ ਮੈਂਬਰਾਂ ਤੇ ਅਹੁਦੇਦਾਰਾਂ ਸਮੇਤ ਜਸਵੀਰ ਸਿੰਘ ਸੈਕਟਰ 15 ਆਦਿ ਸ਼ਾਮਲ ਹੋਏ।