
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸ਼ਤਾਬਦੀ ਰੇਲ ਗੱਡੀ ਰੋਕ ਕੇ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ। -ਫੋਟੋ: ਰਵੀ ਕੁਮਾਰ
ਆਤਿਸ਼ ਗੁਪਤਾ
ਚੰਡੀਗੜ੍ਹ, 25 ਮਾਰਚ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਸਜ੍ਹਾ ਸੁਣਾਏ ਜਾਣ ਉਪਰੰਤ ਲੋਕ ਸਭਾ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਨਾਰਾਜ਼ ਯੂਥ ਕਾਂਗਰਸੀ ਸੜਕਾਂ ’ਤੇ ਨਿੱਤਰ ਆਏ ਹਨ। ਅੱਜ ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸ਼ਤਾਬਦੀ ਰੇਲ ਗੱਡੀ ਨੂੰ ਰੋਕੀ ਰੱਖਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ’ਤੇ ਤਾਕਤਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ।
ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਭਾਜਪਾ ਨੇ ਤਾਨਾਸ਼ਾਹ ਵਤੀਰਾ ਅਪਣਾਉਂਦਿਆ ਰਾਹੁਲ ਗਾਂਧੀ ਦੀ ਲੋਕ ਸਭਾ ਵਿੱਚੋਂ ਮੈਂਬਰਸ਼ਿਪ ਰੱਦ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਾਲ 2014 ਤੋਂ ਹੀ ਤਾਨਾਸ਼ਾਹ ਵਾਲਾ ਰੁਖ਼ ਅਖ਼ਤਿਆਰ ਕੀਤਾ ਹੋਇਆ। ਇਸ ਦਾ ਯੂਥ ਕਾਂਗਰਸ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਵੇਗਾ। ਇਸ ਲਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਰਤ ਦੀ ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ ਸਜ੍ਹਾ ਸੁਣਾਏ ਜਾਣ ਤੋਂ ਇਕ ਦਿਨ ਬਾਅਦ ਹੀ ਲੋਕ ਸਭਾ ਵਿੱਚੋਂ ਮੈਂਬਰਸ਼ਿਪ ਅਯੋਗ ਕਰਾਰ ਦੇਣਾ ਬਹੁਤ ਹੀ ਗ਼ਲਤ ਹੈ।
ਸ੍ਰੀ ਲੁਬਾਣਾ ਨੇ ਕਿਹਾ ਕਿ ਭਾਜਪਾ ਹਰ ਥਾਂ ’ਤੇ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ ਰਾਜਨੀਤੀ ਕਰਨ ਲੱਗੀ ਹੋਈ ਹੈ। ਇਸੇ ਲਈ ਲੋਕਤੰਤਰ ਦਾ ਗਲਾ ਘੋਟ ਕੇ ਅਜਿਹੇ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਦੀ ਅਜਿਹੀ ਸ਼ਰਾਰਤਾਂ ਤੋਂ ਡਰਨ ਵਾਲੀ ਨਹੀਂ ਹੈ, ਉਸ ਵੱਲੋਂ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਜਾਰੀ ਰਹੇਗੀ।
ਇਸ ਮੌਕੇ ਸੰਦੀਪ ਕੁਮਾਰ, ਨਵਦੀਪ ਸਿੰਘ, ਰਣਜੋਤ ਸਿੰਘ, ਦਵਿੰਦਰ ਸਿੰਘ, ਹਰਮਨ ਸਿੰਘ, ਲਵਲੀ ਠਾਕੁਰ, ਗੁਰਫਤਿਹ ਸਿੰਘ ਅਤੇ ਵੱਡੀ ਗਿਣਤੀ ਵਿੱਚ ਯੂਥ ਕਾਂਗਰਸੀ ਹਾਜ਼ਰ ਰਹੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ