ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ
ਖਣਨ ਵਿੱਚ ਲੱਗੇ ਟਿੱਪਰਾਂ ਨੂੰ ਬਿਨਾਂ ਕਾਰਵਾਈ ਤੋਂ ਛੱਡਣ ਦਾ ਦੋਸ਼; ਡੀ ਸੀ ਦਫ਼ਤਰ ਅੱਗੇ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
ਸਤਲੁਜ ਦਰਿਆ ਵਿੱਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸਥਾਨਕ ਪ੍ਰਸ਼ਾਸਨ ’ਤੇ ਉਨ੍ਹਾਂ ਵੱਲੋਂ ਅੱਧੀ ਰਾਤ ਸਮੇਂ ਕਾਬੂ ਕੀਤੇ ਟਿੱਪਰ ਅਤੇ ਟਰਾਲੀਆਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਛੱਡਣ ਦਾ ਦੋਸ਼ ਲਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਮੋਰਚੇ ਦੇ ਆਗੂਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਲਾਕਾ ਰੂਪਨਗਰ ਦੇ ਡੀ ਸੀ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਸ੍ਰੀ ਚਮਕੌਰ ਸਾਹਿਬ ਮੋਰਚਾ ਦੇ ਆਗੂ ਲਖਬੀਰ ਸਿੰਘ ਹਾਫਿਜ਼ਬਾਦ, ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸਾ, ਬਲਾਕ ਪ੍ਰਧਾਨ ਜਗੀਰ ਸਿੰਘ, ਮਨਿੰਦਰ ਸਿੰਘ ਅਤੇ ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਗੋਬਿੰਦਗੜ੍ਹ ਕੁਲਚੀਆਂ ਤੇ ਕਮਾਲਪੁਰ ਤੋਂ ਨਾਜਾਇਜ਼ ਤੌਰ ’ਤੇ ਰੇਤ ਦੇ ਭਰੇ ਹੋਏ ਟਿੱਪਰ ਤੇ ਟਰੈਕਟਰ-ਟਰਾਲੀਆਂ ਅੱਧੀ ਰਾਤ ਨੂੰ ਫੜ ਕੇ ਮਾਈਨਿੰਗ ਵਿਭਾਗ ਦੇ ਹਵਾਲੇ ਕੀਤੇ ਸਨ, ਜਿਨ੍ਹਾਂ ਵੱਲੋਂ ਇਹ ਟਿੱਪਰ ਤੇ ਟਰਾਲੀਆਂ ਪੁਲੀਸ ਨੂੰ ਸੌਂਪ ਦਿੱਤੇ ਗਏ ਸਨ । ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਇੱਥੋਂ ਲੰਘ ਰਹੇ ਦਰਿਆ ਦਾ ਦੌਰਾ ਕਰਨ ਦੀ ਅਪੀਲ ਕੀਤੀ।
ਉਧਰ, ਜਦੋਂ ਇਸ ਸਬੰਧੀ ਥਾਣਾ ਮੁਖੀ ਰਾਜਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਜੂਨੀਅਰ ਇੰਜਨੀਅਰ ਵੱਲੋਂ ਪਿੰਡ ਗੋਬਿੰਦਗੜ੍ਹ ਕੁਲਚੀਆਂ ਨੂੰ ਮਾਈਨਿੰਗ ਸਾਈਟ ਨੂੰ ਮਨਜ਼ੂਰਸ਼ੁਦਾ ਦੱਸਿਆ ਗਿਆ ਤੇ ਉਨ੍ਹਾਂ ਵੱਲੋਂ ਇਸ ਸਬੰਧੀ ਲਿਖਤੀ ਦੇਣ ਉਪਰੰਤ ਹੀ ਫੜੇ ਗਏ ਵਾਹਨ ਛੱਡੇ ਗਏ ਸਨ।

