ਖ਼ੁਦ ਨੂੰ CM ਦਾ ਦਾਅਵੇਦਾਰ ਦੱਸਣ ’ਤੇ ਦੀਪੇਂਦਰ ਹੁੱਡਾ ਦਾ ਵਿਰੋਧ; ਕੁਲਦੀਪ ਸ਼ਰਮਾ ਨੇ ਹਾਈਕਮਾਂਡ ਨੂੰ ਦਿੱਤੀ ਸ਼ਿਕਾਇਤ
ਇੱਕੋ ਚਿਹਰੇ' ਨੂੰ ਅੱਗੇ ਰੱਖਣ ਨਾਲ ਪਾਰਟੀ ਨੂੰ ਹੋ ਰਿਹਾ ਨੁਕਸਾਨ: ਕੁਲਦੀਪ ਸ਼ਰਮਾ
ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਵਿਰੁੱਧ ਪਾਰਟੀ ਹਾਈਕਮਾਂਡ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੀਪੇਂਦਰ ਵੱਲੋਂ 2029 ਦੀਆਂ ਵਿਧਾਨ ਸਭਾ ਚੋਣਾਂ ਲਈ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦਾ ਵਿਰੋਧ ਕਰਦਿਆਂ ਸ਼ਰਮਾ ਨੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ (ਜਥੇਬੰਦਕ) ਕੇ.ਸੀ. ਵੇਣੂਗੋਪਾਲ, ਸੂਬਾ ਇੰਚਾਰਜ ਸੰਜੇ ਦੱਤ ਅਤੇ ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਹ ਪੱਤਰ 13 ਸਤੰਬਰ ਨੂੰ ਭੇਜਿਆ ਗਿਆ ਸੀ, ਜੋ ਹੁਣ ਸਾਹਮਣੇ ਆਇਆ ਹੈ।
ਪੱਤਰ ਵਿੱਚ ਸ਼ਰਮਾ ਨੇ ਸਚਿਨ ਪਾਇਲਟ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿੱਚ 'ਸਾਂਝੀ ਲੀਡਰਸ਼ਿਪ' ਨਾਲ ਚੋਣਾਂ ਲੜਨੀਆਂ ਚਾਹੀਦੀਆਂ ਹਨ। ਕਿਸੇ ਇੱਕ ਚਿਹਰੇ ਜਾਂ ਪਰਿਵਾਰ ਨੂੰ ਅੱਗੇ ਰੱਖਣ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਇੱਕ ਵਿਅਕਤੀ ਅਤੇ ਹੁਣ ਉਨ੍ਹਾਂ ਦੇ ਪੁੱਤਰ ਨੂੰ ਸੀ.ਐੱਮ. ਚਿਹਰੇ ਵਜੋਂ ਪੇਸ਼ ਕਰਨ ਕਾਰਨ ਪਾਰਟੀ ਨੂੰ ਵਾਰ-ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸ਼ਰਮਾ ਨੇ ਕਿਹਾ ਕਿ ਚੋਣਾਂ ਤੋਂ ਬਹੁਤ ਪਹਿਲਾਂ ਖ਼ੁਦ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਵਜੋਂ ਪੇਸ਼ ਕਰਨਾ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਨਿੱਜੀ ਬ੍ਰਾਂਡਿੰਗ ਤੱਕ ਸੀਮਤ ਕਰ ਦਿੰਦਾ ਹੈ, ਜਿਸ ਨਾਲ ਕਾਂਗਰਸ ਦੇ ਵਿਆਪਕ ਆਧਾਰ ਨੂੰ ਢਾਹ ਲੱਗਦੀ ਹੈ। ਉਨ੍ਹਾਂ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਅਜਿਹੀਆਂ ਗਤੀਵਿਧੀਆਂ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਭਵਿੱਖ ਦੇ ਸੀ.ਐੱਮ. ਦਾ ਫ਼ੈਸਲਾ ਕੇਂਦਰੀ ਲੀਡਰਸ਼ਿਪ ’ਤੇ ਛੱਡਿਆ ਜਾਵੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਵੀ ਸ਼ਰਮਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਜ਼ਿੰਮੇਵਾਰ ਸੱਜਣ ਕੁਮਾਰ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਦੀਪੇਂਦਰ ਹੁੱਡਾ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਨੂੰ ਸੀ.ਡਬਲਿਊ.ਸੀ. ਤੋਂ ਹਟਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਦੀਪੇਂਦਰ ਨੂੰ ਸਪੱਸ਼ਟੀਕਰਨ ਦੇਣਾ ਪਿਆ ਸੀ।

