ਕੁਲਦੀਪ ਸਿੰਘ
ਚੰਡੀਗੜ੍ਹ, 23 ਸਤੰਬਰ
ਪੰਜਾਬ ਯੂਨੀਵਰਸਿਟੀ ਦੀ ਅੱਜ ਸਿੰਡੀਕੇਟ ਮੀਟਿੰਗ ਵਿੱਚ ਤਤਕਾਲੀ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦੇ ਕਾਰਜਕਾਲ ਦੌਰਾਨ ਦੇ ਕੰਸਟਰੱਕਸ਼ਨ ਦਫ਼ਤਰ ’ਚ ਕੰਟਰੈਕਟ ’ਤੇ ਰੱਖੇ ਜੂਨੀਅਰ ਇੰਜਨੀਅਰ (ਜੇ.ਈ.) ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਇਹ ਕੇਸ ਚੰਡੀਗੜ੍ਹ ਵਿਜੀਲੈਂਸ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਦੀ ਅਗਵਾਈ ਹੇਠ ਹੋਈ ਸਿੰਡੀਕੇਟ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ 15 ਫ਼ਰਵਰੀ 2023 ਨੂੰ ਹੋਈ ਜਾਂਚ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਨੂੰ ਮਨਜ਼ੂਰ ਕੀਤਾ ਜਾਵੇ ਅਤੇ ’ਵਰਸਿਟੀ ਦੇ ਨਿਯਮਾਂ ਮੁਤਾਬਕ ਕੰਸਟਰੱਕਸ਼ਨ ਦਫ਼ਤਰ ਦੇ ਕੰਟਰੈਕਟ ਜੇ.ਈ. (ਸਿਵਲ) ਖਿਲਾਫ਼ ਅਗਲੇਰੀ ਕਾਰਵਾਈ ਲਈ ਚੰਡੀਗੜ੍ਹ ਵਿਜੀਲੈਂਸ ਨੂੰ ਕੇਸ ਭੇਜਿਆ ਜਾਵੇ। ਇਸ ਤੋਂ ਇਲਾਵਾ ਠੇਕੇਦਾਰ ਕੰਪਨੀ ‘ਜੈ ਮਾਂ ਇੰਟਰਪ੍ਰਾਈਜਿਜ਼’ ਨੂੰ ਭਵਿੱਖ ਵਿੱਚ ਪੰਜਾਬ ਯੂਨੀਵਰਸਿਟੀ ਦਾ ਕੋਈ ਵੀ ਕੰਮ ਠੇਕੇ ਉਤੇ ਨਾ ਦਿੱਤਾ ਜਾਵੇ।
ਮੀਟਿੰਗ ਵਿੱਚ ਸਿੰਡੀਕੇਟ ਵੱਲੋਂ ਕੰਸਟਰੱਕਸ਼ਨ ਦਫ਼ਤਰ ਵਿੱਚ ਨਵਾਂ ਤਕਨੀਕੀ ਸਲਾਹਕਾਰ (ਸਿਵਲ) ਅਤੇ ਤਕਨੀਕੀ ਸਲਾਹਕਾਰ (ਇਲੈਕਟ੍ਰੀਕਲ) ਨਿਯੁਕਤ ਕਰਨ ਲਈ ਵਾਈਸ ਚਾਂਸਲਰ ਨੂੰ ਅਧਿਕਾਰਤ ਕੀਤਾ ਗਿਆ। ਦੂਜੇ ਪਾਸੇ ਸਿੰਡੀਕੇਟ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧਕੀ ਬਲਾਕ ਦੇ ਬਾਹਰ ਪਹੁੰਚੇ ਜੇਈ ਲਵਲਿਸ਼ ਕੁਮਾਰ ਨੇ ਆਪਣੇ ਖਿਲਾਫ਼ ਪੀ.ਯੂ. ਦੀ ਵਿਜੀਲੈਂਸ ਵੱਲੋਂ ਚੱਲ ਰਹੀ ਕਾਰਵਾਈ ਰਿਪੋਰਟ ਵਿੱਚ ਕਾਫ਼ੀ ਗਲਤੀਆਂ ਅਤੇ ਖਾਮੀਆਂ ਦੇ ਕੁਝ ਪੰਨੇ ਵੀ ਸੌਂਪੇ ਅਤੇ ਇਨਸਾਫ਼ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ.ਈ. ਲਵਲਿਸ਼ ਕੁਮਾਰ ਨੇ ਕਿਹਾ ਕਿ ਉਸ ਖਿਲਾਫ਼ ਚੱਲ ਰਹੀ ਜਾਂਚ ਰਿਪੋਰਟ ਵਿੱਚ ਬਹੁਤ ਜ਼ਿਆਦਾ ਧੱਕੇਸ਼ਾਹੀਆਂ ਕੀਤੀਆਂ ਗਈਆਂ ਹਨ ਅਤੇ ਅਧਿਕਾਰੀਆਂ ਵੱਲੋਂ ਰਿਪੋਰਟ ਵਿੱਚੋਂ ਉਸ ਦੇ ਹੱਕ ’ਚ ਬੋਲਦੇ ਸਾਰੇ ਪੰਨੇ ਗਾਇਬ ਕਰ ਦਿੱਤੇ ਹਨ। ਅੱਜ ਇੱਕ ਵਾਰ ਵੀ ਉਸ ਨੂੰ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ। ਅੱਜ ਵੀ ਉਨ੍ਹਾਂ ਨੇ ਆਪਣੇ ਬੇਗੁਨਾਹੀ ਦੇ ਕਾਗਜ਼ ਸਿੰਡੀਕੇਟ ਮੈਂਬਰਾਂ ਨੂੰ ਸੌਂਪੇ ਪ੍ਰੰਤੂ ਸਿੰਡੀਕੇਟ ਨੇ ਅੱਜ ਵੀ ਉਸ ਦੀ ਗੱਲ ਉਤੇ ਗੌਰ ਨਹੀਂ ਕੀਤੀ। ਉਸ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਯੂਨੀਵਰਸਿਟੀ ਵਿੱਚ ਅੰਦਰਖਾਤੇ ਚੱਲ ਰਹੀ ਸੌੜੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਉਹ ਇਸ ਕਾਰਵਾਈ ਖਿਲਾਫ਼ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।