ਮਿਹਰ ਸਿੰਘ
ਕੁਰਾਲੀ, 20 ਨਵੰਬਰ
ਸ਼ਹਿਰ ਦੇ ਵਾਰਡ ਨੰਬਰ 13 ਦੀ ਇੱਕ ਵਿਆਹੁਤਾ ਦੀ ਹੋਈ ਮੌਤ ਨੂੰ ਲੈ ਕੇ ਲੜਕੀ ਦੇ ਪਰਿਵਾਰ ਨੇ ਹੰਗਾਮਾ ਕੀਤਾ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਹਿਰ ’ਚੋਂ ਲੰਘਦੇ ਕੌਮੀ ਮਾਰਗ ਦੇ ਮੇਨ ਚੌਕ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ। ਪੁਲੀਸ ਵੱਲੋਂ ਇਸ ਸਬੰਧੀ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 13 ਦੀ ਨਿਸ਼ੂ ਦੀ ਲਾਸ਼ ਘਰ ਵਿੱਚ ਹੀ ਲਟਕਦੀ ਮਿਲੀ ਸੀ। ਤਿੰਨ ਸਾਲ ਪਹਿਲਾਂ ਵਿਆਹੀ ਨਿਸ਼ੂ ਦੀ ਮੌਤ ਸਬੰਧੀ ਪੁਲੀਸ ਨੇ ਧਾਰਾ 174 ਤਹਿਤ ਕਰਵਾਈ ਕੀਤੀ ਪਰ ਇਸ ਤੋਂ ਅਸੰਤੁਸ਼ਟ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਮੇਨ ਚੌਕ ਵਿੱਚ ਧਰਨਾ ਲਗਾ ਦਿੱਤਾ ਅਤੇ ਇਨਸਾਫ਼ ਲਈ ਚੱਕਾ ਜਾਮ ਕੀਤਾ। ਧਰਨੇ ਦੌਰਾਨ ਮ੍ਰਿਤਕਾ ਨਿਸ਼ੂ ਦੇ ਪਿਤਾ ਸ਼ਾਮ ਲਾਲ ਨੇ ਦੱਸਿਆ ਕਿ ਉਸ ਦੀ ਲੜਕੀ ਨਿਸ਼ੂ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਗੁਆਂਢ ਵਿੱਚ ਹੀ ਰਹਿੰਦੇ ਆਕਾਸ਼ ਨਾਲ ਹੋਇਆ ਸੀ ਅਤੇ ਉਸ ਕੋਲ ਇੱਕ ਲੜਕਾ ਵੀ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਸਾਲ ਬਾਅਦ ਹੀ ਦੋਹਾਂ ਦਾ ਆਪਸ ਵਿੱਚ ਝਗੜਾ ਰਹਿਣ ਲੱਗ ਪਿਆ ਅਤੇ ਬੀਤੇ ਦਿਨ ਜਦੋਂ ਉਹ ਆਪਣੇ ਘਰ ਆਇਆ ਤਾਂ ਉਸ ਦਾ ਜਵਾਈ ਉਸ ਦੇ ਘਰੋਂ ਨਿਕਲ ਰਿਹਾ ਸੀ।
ਸ਼ਾਮ ਲਾਲ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਨਿਸ਼ੂ ਨੇ ਫਾਹਾ ਲਿਆ ਹੋਇਆ ਸੀ। ਉਸ ਨੇ ਤੁਰੰਤ ਨਿਸ਼ੂ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਾਮ ਲਾਲ ਅਤੇ ਹੋਰਨਾਂ ਧਰਨਾਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਨੂੰ ਲੈ ਕੇ ਬਣਦੀ ਕਾਰਵਾਈ ਨਹੀਂ ਕੀਤੀ ਸਗੋਂ ਧਾਰਾ 174 ਤਹਿਤ ਕਰਵਾਈ ਕੀਤੀ ਹੈ, ਇਸ ਲਈ ਉਨ੍ਹਾਂ ਨੂੰ ਇਨਸਾਫ਼ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਧਰਨੇ ਅਤੇ ਚੱਕੇ ਜਾਮ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਗਗਨਦੀਪ ਸਿੰਘ ਅਤੇ ਹੋਰ ਪੁਲੀਸ ਮੌਕੇ ’ਤੇ ਪੁੱਜ ਗਈ। ਉਨ੍ਹਾਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਉਪਰੰਤ ਮੁਜ਼ਾਹਰਾਕਾਰੀਆਂ ਨੇ ਧਰਨਾ ਚੁੱਕਿਆ ਅਤੇ ਟਰੈਫ਼ਿਕ ਬਹਾਲ ਹੋ ਸਕੀ।
ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਨਿਸ਼ੂ ਦੀ ਮੌਤ ਸਬੰਧੀ ਪਿਤਾ ਸ਼ਾਮ ਲਾਲ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਆਕਾਸ਼ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।