DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Daler Mehndi Controversy: 2019 ਦੇ ਸ਼ੋਅ ਦੀ ਪੂਰੀ ਵੀਡੀਓ ਕਰਨ ਜਨਤਕ..’; ਉੱਤਰਾਖੰਡ ਦੇ ਮੰਤਰੀ ਵੱਲੋਂ ‘ਕੁੱਟਮਾਰ’ ਦੇ ਦਾਅਵੇ ’ਤੇ ਭੜਕੇ ਮਨਿੰਦਰ ਬੁੱਟਰ

ਦਲੇਰ ਮਹਿੰਦੀ ਵਿਵਾਦ ਦੌਰਾਨ ਮੰਤਰੀ ਸੁਬੋਧ ਉਨਿਆਲ ਨੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ

  • fb
  • twitter
  • whatsapp
  • whatsapp
Advertisement

ਪ੍ਰਸਿੱਧ ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਵੱਲੋਂ ਉਨ੍ਹਾਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ’ਤੇ ਡੂੰਘਾ ਦੁੱਖ ਅਤੇ ਹੈਰਾਨੀ ਪ੍ਰਗਟਾਈ ਹੈ। ਮੰਤਰੀ ਵੱਲੋਂ ਸਟੇਜ ਤੋਂ ਦਾਅਵਾ ਕੀਤਾ ਗਿਆ ਸੀ ਕਿ ਉੱਤਰਾਖੰਡ ਵਿੱਚ ਮਨਿੰਦਰ ਬੁੱਟਰ ਦੀ ਕੁੱਟਮਾਰ ਹੋਈ ਸੀ। ਇਸ ਦੇ ਜਵਾਬ ਵਿੱਚ ਬੁੱਟਰ ਨੇ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਾਲ 2019 ਵਿੱਚ ਉੱਤਰਾਖੰਡ ਵਿਖੇ ਹੋਏ ਉਨ੍ਹਾਂ ਦੇ ਸ਼ੋਅ ਦੀ ਪੂਰੀ ਅਤੇ ਅਣ-ਐਡਿਟ ਕੀਤੀ ਵੀਡੀਓ ਰਿਕਾਰਡਿੰਗ ਜਨਤਕ ਕਰਨ ਤਾਂ ਜੋ ਲੋਕ ਖ਼ੁਦ ਸੱਚਾਈ ਵੇਖ ਸਕਣ।

ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ਇਸ ਵਿਵਾਦ ’ਤੇ ਬੋਲਦਿਆਂ ਮਨਿੰਦਰ ਬੁੱਟਰ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਸਾਧਾਰਨ ਇਨਸਾਨ ਅਤੇ ਕਲਾਕਾਰ ਹਨ। ਉਨ੍ਹਾਂ 2019 ਦੇ ਸ਼ੋਅ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉੱਥੇ ਡੇਢ ਘੰਟਾ ਪੇਸ਼ਕਾਰੀ ਦਿੱਤੀ ਸੀ ਅਤੇ ਖ਼ੁਦ ਮਾਣਯੋਗ ਮੰਤਰੀ ਨੇ ਸਟੇਜ ’ਤੇ ਆ ਕੇ ਉਨ੍ਹਾਂ ਦੇ ਸਿਰ ’ਤੇ ਪਹਾੜੀ ਟੋਪੀ ਪਹਿਨਾ ਕੇ ਸਨਮਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰਾ ਸ਼ੋਅ ਉਹ ਟੋਪੀ ਪਾ ਕੇ ਹੀ ਨਿਭਾਇਆ ਸੀ। ਬੁੱਟਰ ਨੇ ਕਿਹਾ ਕਿ ਸ਼ੋਅ ਬਹੁਤ ਵਧੀਆ ਰਿਹਾ ਸੀ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਮੰਤਰੀ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਬਾਰੇ ਕੈਮਰੇ ਸਾਹਮਣੇ ਅਜਿਹੇ ਅਪਮਾਨਜਨਕ ਸ਼ਬਦ ਕਿਉਂ ਬੋਲੇ।

Advertisement

ਮੰਤਰੀ ਨੂੰ ਆਪਣੇ ਪਿਤਾ ਸਮਾਨ ਦੱਸਦਿਆਂ ਗਾਇਕ ਨੇ ਕਿਹਾ, “ਅਜਿਹੇ ਸ਼ਬਦ ਤੁਹਾਨੂੰ ਸ਼ੋਭਾ ਨਹੀਂ ਦਿੰਦੇ। ਮੈਂ ਪੂਰੇ ਦੇਸ਼ ਵਿੱਚ ਸ਼ੋਅ ਕੀਤੇ ਹਨ, ਪਰ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ ਅਤੇ ਨਾ ਹੀ ਕਦੇ ਕੋਈ ਗ਼ਲਤ ਗੀਤ ਗਾਇਆ ਹੈ। ਮੈਂ ਕਦੇ ਵੀ ਸ਼ਰਾਬ ਜਾਂ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਪਰਫ਼ਾਰਮ ਨਹੀਂ ਕੀਤਾ। ਮੇਰੀ ਸਿਰਫ਼ ਇੰਨੀ ਬੇਨਤੀ ਹੈ ਕਿ ਉਸ ਸ਼ੋਅ ਦੀ ਅਸਲ ਰਿਕਾਰਡਿੰਗ ਜਨਤਕ ਕੀਤੀ ਜਾਵੇ ਤਾਂ ਜੋ ਲੋਕ ਖ਼ੁਦ ਫ਼ੈਸਲਾ ਕਰ ਸਕਣ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ।”

Advertisement

ਜ਼ਿਕਰਯੋਗ ਹੈ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨਿਊ ਟਿਹਰੀ ਦੇ ਕੁੰਜਾਪੁਰੀ ਮੇਲੇ ਵਿੱਚ ਮੰਤਰੀ ਸੁਬੋਧ ਉਨਿਆਲ ਨੇ ਦਿੱਗਜ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਦਖ਼ਲ ਦਿੰਦਿਆਂ ਉਨ੍ਹਾਂ ’ਤੇ ਨਸ਼ੇ ਵਿੱਚ ਹੋਣ ਦਾ ਦੋਸ਼ ਲਾਇਆ ਸੀ। ਦਲੇਰ ਮਹਿੰਦੀ ਨੂੰ ਝਿੜਕਦਿਆਂ ਮੰਤਰੀ ਨੇ ਭਰੇ ਇਕੱਠ ਵਿੱਚ ਕਿਹਾ ਸੀ, “ਇੱਥੇ ਤੁਹਾਡੇ ਤੋਂ ਪਹਿਲਾਂ ਮਨਿੰਦਰ ਬੁੱਟਰ ਕੁੱਟ ਖਾ ਕੇ ਗਿਆ ਸੀ... ਅਤੇ ਉਸ ਨੂੰ ਇੰਨਾ ਕੁੱਟਿਆ ਗਿਆ ਸੀ ਕਿ ਹੁਣ ਉਸ ਦਾ ਬਾਪ ਵੀ ਇੱਥੇ ਨਹੀਂ ਆ ਸਕਦਾ।”

ਇਸ ਘਟਨਾ ਮਗਰੋਂ ਗਾਇਕ ਮੀਕਾ ਸਿੰਘ ਨੇ ਵੀ ਮੰਤਰੀ ਦੇ ਇਸ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਸੀ ਕਿ ਕਲਾਕਾਰਾਂ ਦਾ ਆਪਣਾ ਸਵੈ-ਮਾਣ ਹੁੰਦਾ ਹੈ ਅਤੇ ਕਿਸੇ ਜਨਤਕ ਮੰਚ ਤੋਂ ਉਨ੍ਹਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਮੰਤਰੀ ਕੋਲੋਂ ਮੁਆਫ਼ੀ ਦੀ ਮੰਗ ਵੀ ਕੀਤੀ ਸੀ। ਦੂਜੇ ਪਾਸੇ, ਮੰਤਰੀ ਆਪਣੇ ਰੁਖ਼ ’ਤੇ ਕਾਇਮ ਹਨ।

Advertisement
×