DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਦੀ ਵਿੱਚ ਤੈਰਦੇ ਦਿਖੇ ਸਿਲੰਡਰ; ਮੀਂਹ ਕਾਰਨ HPCL ਪਲਾਂਟ ’ਚੋਂ 3,000 ਗੈਸ ਸਿਲੰਡਰ ਨਦੀ ਵਿੱਚ ਰੁੜ੍ਹੇ; ਸਥਾਨਕ ਲੋਕਾਂ ਵਿੱਚ ਮਚੀ ਲੁੱਟ

ਪ੍ਰਸ਼ਾਸਨ ਦੀ ਸਖ਼ਤ ਚਿਤਾਵਨੀ: ‘ਜਾਨ ਜ਼ੋਖਮ ਵਿੱਚ ਨਾ ਪਾਓ, ਸਿਲੰਡਰਾਂ ਨੂੰ ਹੱਥ ਨਾ ਲਗਾਓ’

  • fb
  • twitter
  • whatsapp
  • whatsapp
featured-img featured-img
ਵੀਡੀਓਗ੍ਰੈਬ
Advertisement

ਰਾਏਗੜ੍ਹ ਜ਼ਿਲ੍ਹੇ ਵਿੱਚ ਮੌਨਸੂਨ ਦੇ ਭਾਰੀ ਮੀਂਹ ਕਾਰਨ ਇੱਕ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਮੰਜ਼ਰ ਸਾਹਮਣੇ ਆਇਆ ਹੈ। ਇੱਥੇ ਹੜ੍ਹ ਦਾ ਪਾਣੀ HPCL (ਹਿੰਦੁਸਤਾਨ ਪੈਟਰੋਲੀਅਮ) ਦੇ ਪਾਤਾਲਗੰਗਾ ਐੱਲ.ਪੀ.ਜੀ. ਬੋਟਲਿੰਗ ਪਲਾਂਟ ਦੇ ਅੰਦਰ ਵੜ ਜਾਣ ਕਾਰਨ ਕਰੀਬ 3,000 ਰਸੋਈ ਗੈਸ (LPG) ਸਿਲੰਡਰ ਨਜ਼ਦੀਕੀ ਪਾਤਾਲਗੰਗਾ ਨਦੀ ਵਿੱਚ ਰੁੜ੍ਹ ਗਏ। ਰੁੜ੍ਹੇ ਹੋਏ ਸਿਲੰਡਰਾਂ ਵਿੱਚੋਂ ਕਈ ਭਰੇ ਹੋਏ ਸਨ ਅਤੇ ਕਈ ਖਾਲੀ ਸਨ।

ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਸੈਂਕੜੇ ਲਾਲ ਰੰਗ ਦੇ ਸਿਲੰਡਰ ਨਦੀ ਦੇ ਤੇਜ਼ ਵਹਾਅ ਵਿੱਚ ਤੈਰਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਜਿਵੇਂ ਹੀ ਇਹ ਸਿਲੰਡਰ ਪਲਾਂਟ ਵਿੱਚੋਂ ਨਿਕਲ ਕੇ ਨਦੀ ਰਾਹੀਂ ਰਿਹਾਇਸ਼ੀ ਇਲਾਕਿਆਂ ਵੱਲ ਵਧੇ, ਤਾਂ ਕਈ ਸਥਾਨਕ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਦੀ ਵਿੱਚੋਂ ਇਨ੍ਹਾਂ ਸਿਲੰਡਰਾਂ ਨੂੰ ਕੱਢਣ ਅਤੇ ਆਪਣੇ ਘਰ ਲਿਜਾਣ ਲਈ ਦੌੜ ਪਏ।

Advertisement

Advertisement

ਪ੍ਰਸ਼ਾਸਨ ਨੇ ਜਾਰੀ ਕੀਤੀ ਐਮਰਜੈਂਸੀ ‘ਐਡਵਾਈਜ਼ਰੀ’

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਰਾਏਗੜ੍ਹ ਦੇ ਜ਼ਿਲ੍ਹਾ ਕਲੈਕਟਰ ਕਿਸ਼ਨ ਜਾਵਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਦੀ ਜਾਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਿਲਣ ਵਾਲੇ ਕਿਸੇ ਵੀ ਸਿਲੰਡਰ ਨੂੰ ਬਿਲਕੁਲ ਹੱਥ ਨਾ ਲਗਾਉਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, “ਲੋਕ ਨਦੀ ਵਿੱਚੋਂ ਮਿਲੇ ਸਿਲੰਡਰਾਂ ਨੂੰ ਇਕੱਠਾ ਨਾ ਕਰਨ, ਨਾ ਹੀ ਉਨ੍ਹਾਂ ਨੂੰ ਖੋਲ੍ਹਣ ਜਾਂ ਘਰ ਲੈ ਕੇ ਜਾਣ। ਉੱਪਰੋਂ ਦੇਖ ਕੇ ਇਹ ਪਤਾ ਲਗਾਉਣਾ ਅਸੰਭਵ ਹੈ ਕਿ ਸਿਲੰਡਰ ਖਾਲੀ ਹੈ ਜਾਂ ਉਸ ਵਿੱਚ ਗੈਸ ਭਰੀ ਹੋਈ ਹੈ। ਇਹ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।”

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਤੇ ਵੀ ਇਹ ਸਿਲੰਡਰ ਦਿਖਾਈ ਦੇਣ, ਤਾਂ ਉਹ ਖ਼ੁਦ ਚੁੱਕਣ ਦੀ ਬਜਾਏ ਤੁਰੰਤ ਸਥਾਨਕ ਪ੍ਰਸ਼ਾਸਨ ਜਾਂ ਪੁਲੀਸ ਨੂੰ ਸੂਚਿਤ ਕਰਨ। ਅਧਿਕਾਰੀ ਹੁਣ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਇਨ੍ਹਾਂ ਸਿਲੰਡਰਾਂ ਨੂੰ ਲੱਭਣ ਅਤੇ ਸੁਰੱਖਿਅਤ ਬਾਹਰ ਕੱਢਣ ਦੀ ਮੁਹਿੰਮ ਵਿੱਚ ਜੁਟੇ ਹੋਏ ਹਨ।

ਮੌਨਸੂਨ ਦਾ ਕਹਿਰ ਜਾਰੀ; ਫਲੈਸ਼ ਫਲੱਡ ਦਾ ਖ਼ਤਰਾ

ਦੂਜੇ ਪਾਸੇ, ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਮਹਾਰਾਸ਼ਟਰ ਦੇ ਵੱਡੇ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਅੱਜ (ਵੀਰਵਾਰ) ਲਈ ਮੁੰਬਈ ਅਤੇ ਠਾਣੇ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਭਾਵੇਂ ਮੀਂਹ ਦੀ ਰਫ਼ਤਾਰ ਪਿਛਲੇ ਦਿਨਾਂ ਨਾਲੋਂ ਕੁਝ ਘੱਟ ਹੋ ਸਕਦੀ ਹੈ, ਪਰ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਸਥਾਨਕ ਹੜ੍ਹ ਵਰਗੀ ਸਥਿਤੀ ਬਣੀ ਰਹਿਣ ਦਾ ਖ਼ਦਸ਼ਾ ਹੈ।

ਮੌਸਮ ਵਿਭਾਗ ਦੀ ਚਿਤਾਵਨੀ

IMD ਨੇ ਮੁੰਬਈ ਸਿਟੀ, ਮੁੰਬਈ ਸਬ-ਅਰਬਨ (ਉਪਨਗਰ), ਠਾਣੇ, ਪਾਲਘਰ, ਰਾਏਗੜ੍ਹ, ਰਤਨਾਗਿਰੀ ਅਤੇ ਸਿੰਧੂਦੁਰਗ ਸਹਿਤ ਕਈ ਤੱਟਵਰਤੀ ਜ਼ਿਲ੍ਹਿਆਂ ਵਿੱਚ ਮੱਧਮ ਦਰਜੇ ਦੇ ‘ਫਲੈਸ਼ ਫਲੱਡ’ (ਅਚਾਨਕ ਹੜ੍ਹ) ਦਾ ਖ਼ਤਰਾ ਜਤਾਇਆ ਹੈ। ਲਗਾਤਾਰ ਹੋ ਰਹੇ ਮੀਂਹ ਕਾਰਨ ਜ਼ਮੀਨ ਪਾਣੀ ਨੂੰ ਸੋਖਣ ਦੇ ਸਮਰੱਥ ਨਹੀਂ ਰਹੀ, ਜਿਸ ਕਾਰਨ ਪਾਣੀ ਦਾ ਤੇਜ਼ ਵਹਾਅ ਹੜ੍ਹ ਦੀ ਸਥਿਤੀ ਪੈਦਾ ਕਰ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਯਾਤਰਾ ਦੌਰਾਨ ਸਾਵਧਾਨੀ ਵਰਤਣ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Advertisement
×