ਬਨੂੜ ਖੇਤਰ ਤੋਂ ਅੰਬਾਲਾ ਵੱਲ ਜਾ ਰਹੇ ਉਸਾਰੀ ਅਧੀਨ ਐਕਸਪ੍ਰੈੱਸਵੇਅ ਵਿੱਚ ਪਿੰਡ ਬੁੱਢਣਪੁਰ ਵਿੱਚ ਪਾਣੀ ਦੀ ਨਿਕਾਸੀ ਲਈ ਲਗਾਈ ਪੁਲੀ ਵਿੱਚੋਂ ਪਾਣੀ ਦੀ ਨਿਕਾਸੀ ਰੋਕੇ ਜਾਣ ਕਾਰਨ ਕਈ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫ਼ਸਲ ਸੁੱਕ ਗਈ ਹੈ। ਕਿਸਾਨਾਂ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦੇ ਕੇ ਪਾਣੀ ਦੀ ਨਿਕਾਸੀ ਖੁੱਲ੍ਹਵਾਏ ਜਾਣ ਅਤੇ ਖ਼ਰਾਬ ਹੋਈ ਕਣਕ ਦੀ ਫ਼ਸਲ ਦਾ ਨੈਸ਼ਨਲ ਹਾਈਵੇਅ ਅਥਾਰਿਟੀ ਕੋਲੋਂ ਮੁਆਵਜ਼ਾ ਦਿਵਾਏ ਜਾਣ ਦੀ ਮੰਗ ਕੀਤੀ ਹੈ।
ਪਿੰਡ ਬੁੱਢਣਪੁਰ ਦੇ ਕਿਸਾਨਾਂ ਜਸਵੀਰ ਸਿੰਘ, ਦਲਜੀਤ ਸਿੰਘ, ਜਤਿੰਦਰ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਉਕਤ ਮਾਰਗ ਵਿੱਚ ਉਨ੍ਹਾਂ ਦੇ ਪਿੰਡ ਦੇ ਨੇੜੇ ਪਾਣੀ ਦੇ ਨਿਕਾਸ ਲਈ ਇੱਕ ਪੁਲੀ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸੇ ਪੁਲੀ ਦੇ ਦੂਜੇ ਪਾਸੇ ਦੋ-ਦੋ ਫੁੱਟ ਦਾ ਭਰਤ ਪਾ ਕੇ ਪਾਣੀ ਦੀ ਨਿਕਾਸੀ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ, ਉਦੋਂ ਹੀ ਕਈਂ ਏਕੜ ਥਾਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਇਸ ਦਾ ਕਿਸੇ ਪਾਸੇ ਨੂੰ ਨਿਕਾਸ ਨਾ ਹੋਣ ਕਾਰਨ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਜਨਵਰੀ ਮਹੀਨੇ ਵਿਚ ਹੋਈ ਭਰਵੀਂ ਬਾਰਿਸ਼ ਦਾ ਪਾਣੀ ਖੇਤਾਂ ਵਿਚ ਹੀ ਖੜ੍ਹਿਆ ਰਿਹਾ ਤੇ ਇਸ ਦਾ ਕਿਧਰੇ ਨੂੰ ਨਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਸਾਰੇ ਥਾਵਾਂ ਤੇ ਦਰਖਾਸਿਤਾਂ ਦੇ ਚੁੱਕੇ ਹਨ, ਪਰ ਮੰਗ ਨਾਲ ਸਹਿਮਤੀ ਪ੍ਰਗਟਾਉਣ ਦੇ ਬਾਵਜੂਦ ਪਾਣੀ ਚਾਲੂ ਨਹੀਂ ਕਰਵਾਇਆ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਤੁਰੰਤ ਸਾਰੇ ਮਾਮਲੇ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।

