crime news: ਜਬਰ-ਜਨਾਹ ਤੇ ਕਤਲ ਦੇ ਤੀਜੇ ਕੇਸ ’ਚ ਉਮਰ ਕੈਦ
ਦੋਸ਼ੀ ਨੇ 60 ਸਾਲਾ ਔਰਤ ਦੀ ਕੀਤੀ ਸੀ ਹੱਤਿਆ; ਦੋ ਕੇਸਾਂ ’ਚ ਪਹਿਲਾਂ ਸੁਣਾਈ ਜਾ ਚੁੱਕੀ ਹੈ ਸਜ਼ਾ
ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਨੇ ਜਬਰ-ਜਨਾਹ ਤੇ ਕਤਲ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਵਿਅਕਤੀ ਨੂੰ ਅੱਜ ਤੀਜੇ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸਥਾਨਕ ਅਦਾਲਤ ਵੱਲੋਂ ਡੱਡੂਮਾਜਰਾ ਕਲੋਨੀ ਵਿੱਚ ਰਹਿਣ ਵਾਲੇ ਮੋਨੂ ਕੁਮਾਰ ਨੂੰ 60 ਵਰ੍ਹਿਆਂ ਔਰਤ ਨਾਲ ਜਬਰ-ਜਨਾਹ ਕਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਸੁਣਾਇਆ ਗਿਆ। ਇਸ ਤੋਂ ਪਹਿਲਾਂ ਵੀ ਅਦਾਲਤ ਨੇ ਦੋ ਅਜਿਹੇ ਹੀ ਮਾਮਲਿਆਂ ਵਿੱਚ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਉਸ ’ਚ ਐੱਮ ਬੀ ਏ ਦੀ ਵਿਦਿਆਰਥਣ ਦਾ ਕਤਲ ਅਤੇ ਇਕ ਮਲੋਆ ਦੀ ਰਹਿਣ ਵਾਲੀ 40 ਸਾਲਾਂ ਔਰਤ ਦਾ ਜਬਰ-ਜਨਾਹ ਤੇ ਕਤਲ ਦਾ ਮਾਮਲਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮੋਨੂ ਨੇ 2010 ਵਿੱਚ ਸੈਕਟਰ 38 ਵਿਖੇ 21 ਸਾਲਾਂ ਦੀ ਮੁਟਿਆਰ ਨਾਲ ਜਬਰ-ਜਨਾਹ ਕਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲੀਸ ਨੂੰ 14 ਸਾਲਾਂ ਤੱਕ ਕਾਤਲ ਦਾ ਪਤਾ ਨਹੀਂ ਲੱਗ ਸਕਿਆ। ਪਰ ਲੰਬੀ ਜਾਂਚ ਮਗਰੋਂ ਕਾਤਲ ਨੂੰ ਸਾਲ 2024 ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਦੋਸ਼ੀ ਨੇ ਸਾਲ 2022 ਵਿੱਚ ਮਲੋਆ ਵਿੱਚ 40 ਸਾਲਾਂ ਔਰਤ ਦੀ ਕਤਲ ਕਰਨ ਅਤੇ ਸਾਲ 2024 ਵਿੱਚ 60 ਸਾਲਾਂ ਔਰਤ ਦਾ ਜਬਰ-ਜਨਾਹ ਤੇ ਕਤਲ ਦਾ ਮਾਮਲਾ ਵੀ ਕਬੂਲ ਕੀਤਾ ਸੀ। ਚੰਡੀਗੜ੍ਹ ਪੁਲੀਸ ਨੇ ਦੋਸ਼ੀ ਖ਼ਿਲਾਫ਼ ਅਦਾਲਤ ਵਿੱਚ ਚਾਲਾਨ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀ ਖ਼ਿਲਾਫ਼ ਸੁਣਵਾਈ ਕਰਦਿਆਂ ਦੋ ਕੇਸਾਂ ਵਿੱਚ ਪਹਿਲਾਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਅਤੇ ਅੱਜ ਤੀਜੇ ਕੇਸ ਵਿੱਚ ਵੀ ਉਮਰਕੈਦ ਦੀ ਸਜ਼ਾ ਤੇ ਜੁਰਮਾਨਾ ਕੀਤਾ ਹੈ।

