ਅਦਾਲਤ ਨੇ ਮਨੀ ਲਾਂਡਰਿੰਗ ਕੇਸ ਵਿੱਚ ਸਾਬਕਾ ਡੀ ਆਈ ਜੀ ਭੁੱਲਰ ਦੇ ਨਵੇਂ ਪ੍ਰੋਡਕਸ਼ਨ ਵਾਰੰਟ ਕੀਤੇ ਜਾਰੀ
9 ਅਕਤੂਬਰ, 2026 ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼
ਚੰਡੀਗੜ੍ਹ ਦੀ ਪੀ ਐੱਮ ਐੱਲ ਏ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ 9 ਅਕਤੂਬਰ, 2026 ਲਈ ਨਵੇਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਪੀ ਐੱਮ ਐੱਲ ਏ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਅਰਜ਼ੀ 'ਤੇ ਭੁੱਲਰ ਦੇ ਅੱਜ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ ਅਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਮੁਲਜ਼ਮ (ਐੱਚ ਐੱਸ ਭੁੱਲਰ) ਨੂੰ ਸਰੀਰਕ ਤੌਰ 'ਤੇ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਸ਼ਹਿਰ ਵਿੱਚ ਵੀ ਵੀ ਆਈ ਪੀ (VVIP) ਦੌਰੇ ਕਾਰਨ ਪੁਲੀਸ ਫੋਰਸ ਦੀ ਉਪਲਬਧਤਾ ਨਾ ਹੋਣ ਕਰਕੇ ਮੁਲਜ਼ਮ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ।
ਈ ਡੀ ਨੇ 6 ਨਵੰਬਰ, 2025 ਦੀ ਈ ਸੀ ਆਈ ਆਰ (ECIR) ਉਦੋਂ ਦਰਜ ਕੀਤੀ ਜਦੋਂ ਸੀ ਬੀ ਆਈ ਵੱਲੋਂ 16 ਅਕਤੂਬਰ, 2025 ਨੂੰ ਬੀ ਐੱਨ ਐੱਸ (BNS) 2023 ਦੀ ਧਾਰਾ 61(2) ਅਤੇ ਪੀ ਸੀ ਐਕਟ 1988 ਦੀਆਂ ਧਾਰਾਵਾਂ 7 ਅਤੇ 7ਏ ਤਹਿਤ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਐੱਫ ਆਈ ਆਰ ਸੀ ਬੀ ਆਈ ਵੱਲੋਂ ਆਕਾਸ਼ ਬੱਤਾ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭੁੱਲਰ, ਜੋ ਉਸ ਸਮੇਂ ਪੰਜਾਬ ਪੁਲੀਸ ਵਿੱਚ ਡੀਆਈਜੀ, ਰੋਪੜ ਰੇਂਜ ਵਜੋਂ ਤਾਇਨਾਤ ਸਨ, ਨੇ ਥਾਣਾ ਸਰਹਿੰਦ ਵਿਖੇ ਦਰਜ ਐੱਫ ਆਈ ਆਰ ਵਿੱਚ ਰਾਹਤ ਦਿਵਾਉਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਖਿਲਾਫ਼ ਕੋਈ ਸਖ਼ਤ ਕਦਮ ਨਾ ਚੁੱਕਣ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ, ਇੱਕ ਜਾਲ ਵਿਛਾਇਆ ਗਿਆ ਅਤੇ 16 ਅਕਤੂਬਰ, 2025 ਨੂੰ ਸ਼ਿਕਾਇਤਕਰਤਾ ਤੋਂ ਮੰਗੀ ਗਈ ਰਿਸ਼ਵਤ ਦੇ ਹਿੱਸੇ ਵਜੋਂ ਕਥਿਤ ਤੌਰ 'ਤੇ 5,00,000 ਰੁਪਏ ਲੈਂਦਿਆਂ ਭੁੱਲਰ ਦੇ ਕਥਿਤ ਸਾਥੀ ਕ੍ਰਿਸ਼ਾਨੂ ਸ਼ਾਰਦਾ ਨੂੰ ਸਭ ਤੋਂ ਪਹਿਲਾਂ ਕਾਬੂ ਕੀਤਾ ਗਿਆ। ਉਸੇ ਦਿਨ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ 6 ਨਵੰਬਰ 2026 ਨੂੰ ਦਰਜ ਕੀਤੀ ਈ ਸੀ ਆਈ ਆਰ ਵਿੱਚ ਮੁਲਜ਼ਮ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਸੀ।
ਅਦਾਲਤ ਨੇ ਅੱਜ ਹੁਕਮ ਵਿੱਚ ਕਿਹਾ ਹੈ ਕਿ ਮੁਲਜ਼ਮ, ਜੋ ਇਸ ਸਮੇਂ 16 ਅਕਤੂਬਰ, 2025 ਦੀ ਐੱਫ ਆਈ ਆਰ ਵਾਲੇ ਕੇਸ ਦੇ ਟਰਾਇਲ ਵਿੱਚ ਮਾਡਲ ਜੇਲ੍ਹ, ਚੰਡੀਗੜ੍ਹ ਵਿਖੇ ਨਿਆਂਇਕ ਹਿਰਾਸਤ ਵਿੱਚ ਹੈ, ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਾਲਾਤ ਦੇ ਮੱਦੇਨਜ਼ਰ, ਮੁਲਜ਼ਮ ਨੂੰ ਇਸ ਮਾਮਲੇ ਵਿੱਚ 9 ਅਕਤੂਬਰ, 2026 ਨੂੰ ਅਦਾਲਤ ਵਿੱਚ ਸਰੀਰਕ ਤੌਰ 'ਤੇ ਪੇਸ਼ ਕੀਤਾ ਜਾਵੇ। ਅਦਾਲਤ ਨੇ ਉਸ ਨੂੰ ਪੇਸ਼ ਕਰਨ ਦੇ ਨਿਰਦੇਸ਼ ਦੇ ਨਾਲ 9 ਅਕਤੂਬਰ, 2026 ਲਈ ਉਸ ਦੇ ਨਵੇਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ।

