ਕੁਲਦੀਪ ਸਿੰਘ
ਚੰਡੀਗੜ੍ਹ, 27 ਅਕਤੂਬਰ
ਨਗਰ ਨਿਗਮ ਚੰਡੀਗੜ੍ਹ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਵੀ ਗੱਠਜੋੜ ਕਰ ਲਿਆ ਗਿਆ ਹੈ। ਇਹ ਐਲਾਨ ਅੱਜ ਇੱਥੇ ਸੈਕਟਰ 24 ਸਥਿਤ ਸੈਣੀ ਭਵਨ ਵਿੱਚ ਕਰਵਾਈ ਇੱਕ ਪ੍ਰੈੱਸ ਕਾਨਫ਼ਰੰਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਅਤੇ ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਗੁਰਚਰਨ ਸਿੰਘ ਕੰਬੋਜ ਵੱਲੋਂ ਕੀਤਾ ਗਿਆ।
ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਨੇ ਪ੍ਰੈੱਸ ਕਾਨਫ਼ਰੰਸ ਮੌਕੇ ਦੱਸਿਆ ਕਿ ਸ਼ਹਿਰ ਦੇ ਕੁੱਲ 35 ਵਾਰਡਾਂ ਵਿੱਚ ਦੋਵੇਂ ਪਾਰਟੀਆਂ ਦੇ ਇਸ ਗੱਠਜੋੜ ਵੱਲੋਂ ਚੋਣ ਲੜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1, 2, 5, 6, 8, 10, 11, 13, 14, 17, 22, 23, 24, 25, 27, 30, 32, 33 ਅਤੇ 34 ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣਗੇ। ਬਸਪਾ ਵੱਲੋਂ ਵਾਰਡ ਨੰਬਰ 3, 4, 7, 9, 12, 15, 16, 18, 19, 20, 21, 26, 28, 29, 31 ਅਤੇ 35 ਤੋਂ ਉਮੀਦਵਾਰਾਂ ਨੂੰ ਚੋਣ ਲੜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਪਾਰਟੀਆਂ ਵੱਲੋਂ ਆਪੋ ਆਪਣੇ ਢੰਗ ਨਾਲ ਵਾਰਡਾਂ ਵਿੱਚ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਬਹੁਤ ਜਲਦ ਸਾਰੇ ਵਾਰਡਾਂ ਵਿੱਚ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਭਾਜਪਾ ਅਤੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਪਿਛਲੇ ਸਾਲਾਂ ਵਿੱਚ ਦੇਖ ਹੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਚੰਡੀਗੜ੍ਹ ਦੇ ਵਸਨੀਕ ਇਸ ਵਾਰ ਨਵਾਂ ਬਦਲ ਦੇਖਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਬਸਪਾ ਵੱਲੋਂ ਗੱਠਜੋੜ ਕਰ ਕੇ ਸਾਰੇ ਵਾਰਡਾਂ ਵਿੱਚੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਚੰਡੀਗੜ੍ਹ ਦੇ ਵੱਖ-ਵੱਖ ਵਾਰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ-ਬਸਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਚੋਣ ਜਿਤਾਈ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਵਧੀਆ ਸ਼ਾਸਨ ਦਿੱਤਾ ਜਾ ਸਕੇ ਅਤੇ ਸ਼ਹਿਰ ਦਾ ਵਿਕਾਸ ਹੋ ਸਕੇ। ਇਸ ਮੌਕੇ ਮੇਜਰ ਕਰਨੈਲ ਸਿੰਘ, ਚਰਨਜੀਤ ਸਿੰਘ ਵਿੱਲੀ, ਗੁਰਪ੍ਰੀਤ ਸਿੰਘ ਸੋਮਲ, ਬਲਵਿੰਦਰ ਸਿੰਘ, ਅਵਤਾਰ ਸਿੰਘ ਮਨੀਮਾਜਰਾ ਤੇ ਗੁਰਪ੍ਰੀਤ ਸਿੰਘ (ਚਾਰੇ ਸਰਕਲ ਪ੍ਰਧਾਨ ਅਕਾਲੀ ਦਲ), ਬਸਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ ਸੋਨੂੰ, ਬ੍ਰਿਜਪਾਲ, ਸਮੈ ਸਿੰਘ, ਆਰ.ਪੀ. ਸਿੰਘ, ਐੱਸ.ਏ. ਖਾਨ, ਗੂਗਨ ਰਾਮ, ਇਸਤਰੀ ਅਕਾਲੀ ਦੀ ਪ੍ਰਧਾਨ ਗੁਰਦੀਪ ਕੌਰ ਬਰਾੜ ਅਤੇ ਸਤਵੰਤ ਕੌਰ ਜੌਹਲ ਹਾਜ਼ਰ ਸਨ।