ਕਰੋਨਾ: ਚੰਡੀਗੜ੍ਹ ਦੇ ਪੰਜ ਸੈਂਟਰਾਂ ਵਿੱਚ ਟੀਕਾਕਰਨ ਅੱਜ ਤੋਂ

ਕਰੋਨਾ: ਚੰਡੀਗੜ੍ਹ ਦੇ ਪੰਜ ਸੈਂਟਰਾਂ ਵਿੱਚ ਟੀਕਾਕਰਨ ਅੱਜ ਤੋਂ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ।

ਕੁਲਦੀਪ ਸਿੰਘ

ਚੰਡੀਗੜ੍ਹ, 15 ਜਨਵਰੀ

ਚੰਡੀਗੜ੍ਹ ਵਿੱਚ 16 ਜਨਵਰੀ ਨੂੰ ਪੀਜੀਆਈ ਸਮੇਤ ਪੰਜ ਸੈਂਟਰਾਂ ਵਿੱਚ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ। ਇਹ ਖੁਲਾਸਾ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਕੋਵਿਡ ਵਾਰ ਰੂਮ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਚੰਡੀਗੜ੍ਹ ਦੇ ਸਿਹਤ ਵਿਭਾਗ ਕੋਲ ਪਹੁੰਚੀ ਕੋਵਿਡ ਵੈਕਸੀਨ ਦੇ 12 ਹਜ਼ਾਰ ਡੋਜ਼ਾਂ ਵਿੱਚੋਂ ਇੱਕ ਹਜ਼ਾਰ ਡੋਜ਼ ਪੀ.ਜੀ.ਆਈ. ਨੂੰ ਤੁਰੰਤ ਦੇਣ ਦੇ ਹੁਕਮ ਦਿੱਤੇ ਅਤੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੀਆਂ ਲਿਸਟਾਂ ਵੀ ਤਿਆਰ ਕਰ ਲਈਆਂ ਜਾਣ ਜਿਨ੍ਹਾਂ ਨੂੰ ਦੂਜੇ ਗੇੜ ਵਿੱਚ ਵੈਕਸੀਨ ਦਿੱਤੀ ਜਾਣੀ ਹੈ।

ਮੀਟਿੰਗ ਵਿੱਚ ਮੌਜੂਦ ਡਾਇਰੈਕਟਰ (ਸਿਹਤ ਸੇਵਾਵਾਂ) ਨੇ ਸ੍ਰੀ ਬਦਨੌਰ ਨੂੰ ਦੱਸਿਆ ਕਿ ਕਰੋਨਾ ਦਵਾਈ ਦਾ ਸਾਰਾ ਸਟਾਕ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮੌਜੂਦਾ ਸਟਾਕ ਵਿੱਚੋਂ 5400 ਵਿਅਕਤੀਆਂ ਨੂੰ ਡੋਜ਼ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੌਜੂਦ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਪੀਜੀਆਈ ਵੱਲੋਂ ਮੂਹਰਲੀ ਕਤਾਰ ਦੇ ਕਰੋਨਾ ਯੋਧਿਆਂ ਨੂੰ ਵੈਕਸੀਨ ਦੇਣ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ।

ਕਰੋਨਾ ਵੈਕਸੀਨ ਸੈਂਟਰਾਂ ਦੀ ਸੂਚੀ

ਡਾਇਰੈਕਟਰ (ਸਿਹਤ ਸੇਵਾਵਾਂ) ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ 4 ਸੈਂਟਰਾਂ ਨੂੰ ਕਰੋਨਾ ਵੈਕਸੀਨ ਲਈ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਵਿੱਚੋਂ ਇੱਕ ਸੈਂਟਰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਬਣਾਇਆ ਗਿਆ ਹੈ, ਦੋ ਜੀ.ਐਮ.ਸੀ.ਐਚ.-32 ਵਿੱਚ ਅਤੇ ਇੱਕ ਸੈਂਟਰ ਸੈਕਟਰ-48 ਸਥਿਤ ਹਸਪਤਾਲ ਵਿੱਚ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਵਿਅਕਤੀਆਂ ਦੀਆਂ ਲਿਸਟਾਂ ਤਿਆਰ ਹਨ ਜਿਨ੍ਹਾਂ ਨੂੰ ਡੋਜ਼ ਦਿੱਤੀ ਜਾਣੀ ਹੈ ਅਤੇ ਸਟਾਫ਼ ਨੂੰ ਵੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਐਮਰਜੈਂਸੀ ਦੀ ਹਾਲਤ ਵਿੱਚ ਚਾਰ ਵੱਖਰੇ ਬੈੱਡ ਵੀ ਰਾਖਵੇਂ ਰੱਖੇ ਗਏ ਹਨ ਅਤੇ ਹੈਲਪ ਡੈਸਕ ਨੰਬਰ 1075 ਵੀ ਜਾਰੀ ਕੀਤਾ ਗਿਆ ਹੈ। ਚਾਰ ਡਾਕਟਰ ਫੋਨ ਕਾਲਾਂ ਨੂੰ ਅਟੈਂਡ ਕਰਨਗੇ।

ਚੰਡੀਗੜ੍ਹ ਵਿੱਚ ਕਰੋਨਾ ਦੇ 26 ਨਵੇਂ ਕੇਸ

ਚੰਡੀਗੜ੍ਹ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਦੇ 26 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਨਵੇਂ ਮਰੀਜ਼ ਸੈਕਟਰ 9, 12, 16, 19, 20, 21, 22, 24, 27, 39, 43, 44, 45, 50, 52, ਧਨਾਸ, ਉਦਯੋਗਿਕ ਖੇਤਰ, ਮਨੀਮਾਜਰਾ, ਮੌਲੀ ਜੱਗਰਾਂ, ਪੀ.ਜੀ.ਆਈ. ਕੈਂਪਸ ਦੇ ਵਸਨੀਕ ਹਨ। ਅੱਜ 33 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ ਤੇ ਐਕਟਿਵ ਕੇਸ 266 ਰਹਿ ਗਏ ਹਨ।

ਮੁਹਾਲੀ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਦੇ 37 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 18936 ਹੋ ਗਈ ਹੈ। ਅੱਜ 31 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ ਤੇ ਹੁਣ ਤੱਕ 353 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 16 ਜਨਵਰੀ ਨੂੰ ਮੁਹਾਲੀ ਤੋਂ ਸਵੇਰੇ 11 ਵਜੇ ਪੰਜਾਬ ਕੋਵਿਡ-19 ਟੀਕਾਕਰਨ ਮੁਹਿੰਮ ਦਾ ਆਗਾਜ਼ ਕਰਨਗੇ। ਇਸ ਸਬੰਧੀ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਕਿਸਾਨ ਵਿਕਾਸ ਚੈਂਬਰ ਵਿੱਚ ਸਮਾਗਮ ਕੀਤਾ ਜਾਵੇਗਾ।

ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੋਂ ਦੇ ਕਮਿਊਨਿਟੀ ਸਿਹਤ ਕੇਂਦਰ ਵਿਚ 16 ਜਨਵਰੀ ਨੂੰ ਕੋਵਿਡ ਰੋਕੂ ਵੈਕਸੀਨ ਲਗਾਉਣੀ ਆਰੰਭ ਹੋਵੇਗੀ। ਐੱਸਐੱਮਓ ਡਾ. ਰਵਨੀਤ ਕੌਰ ਨੇ ਦੱਸਿਆ ਕਿ ਪਹਿਲੇ ਦਿਨ 70 ਵਿਅਕਤੀਆਂ, ਜਿਨ੍ਹਾਂ ਵਿੱਚ ਸਿਹਤ ਵਿਭਾਗ ਦਾ ਅਮਲਾ ਸ਼ਾਮਿਲ ਹੈ, ਨੂੰ ਟੀਕੇ ਲਗਾਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All