ਪੱਤਰ ਪ੍ਰੇਰਕ
ਚੰਡੀਗੜ੍ਹ, 23 ਅਕਤੂਬਰ
ਚੰਡੀਗੜ੍ਹ ਵਿਚ ਕਰੋਨਾਵਾਇਰਸ ਕਾਰਨ ਦੋ ਔਰਤਾਂ ਦੀ ਮੌਤ ਹੋਈ ਹੈ ਅਤੇ 72 ਵਿਅਕਤੀ ਵਾਇਰਸ ਦੀ ਲਪੇਟ ਵਿੱਚ ਆਏ ਹਨ। ਸ਼ਹਿਰ ਵਿੱਚ ਮਰੀਜ਼ਾਂ ਦਾ ਕੁੱਲ ਅੰਕੜਾ 13920 ਹੋ ਗਿਆ ਹੈ ਅਤੇ ਅੱਜ 85 ਮਰੀਜ਼ਾਂ ਦਾ ਇਕਾਂਤਵਾਸ ਖ਼ਤਮ ਹੋਇਆ ਹੈ। ਇਸ ਤਰ੍ਹਾਂ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 697 ਰਹਿ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੈਕਟਰ 41 ਨਿਵਾਸੀ 76 ਸਾਲਾਂ ਦੀ ਔਰਤ ਦੀ ਪੀ.ਜੀ.ਆਈ. ਵਿਚ ਇਲਾਜ ਦੌਰਾਨ ਮੌਤ ਹੋਈ ਹੈ ਅਤੇ ਪਿੰਡ ਧਨਾਸ ਵਾਸੀ 52 ਸਾਲਾਂ ਦੀ ਔਰਤ ਦੀ ਜੀ.ਐਮ.ਸੀ.ਐਚ.-32 ਵਿਚ ਮੌਤ ਹੋਈ ਹੈ। ਇਹ ਦੋਵੇਂ ਮਰੀਜ਼ ਕਰੋਨਾ ਦੇ ਨਾਲ-ਨਾਲ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਨਵੇਂ ਸਾਹਮਣੇ ਕੇਸ ਸੈਕਟਰ 7, 8, 10, 12, 14, 15, 19, 20, 21, 22, 23, 27, 28, 29, 32, 34, 37, 38, 40, 41, 43, 44, 45, 46, 49, ਬਹਿਲਾਣਾ, ਬੁੜੈਲ, ਡੱਡੂਮਾਜਰਾ, ਧਨਾਸ, ਫੈਦਾਂ, ਕਜਹੇੜੀ, ਮਨੀਮਾਜਰ ਤੇ ਰਾਮ ਦਰਬਾਰ ਨਾਲ ਸਬੰਧਤ ਹਨ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 26 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 15 ਮਰੀਜ਼ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਵਿੱਚ ਕਮੀ ਹੋ ਰਹੀ ਹੈ ਜੋ ਕਿ ਸਿਹਤ ਵਿਭਾਗ ਲਈ ਰਾਹਤ ਵਾਲੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਨੇ ਇਨ੍ਹਾਂ ਸਾਰੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 205 ਕੇਸ ਐਕਟਿਵ ਹਨ।
ਅਮਲੋਹ (ਰਾਮ ਸ਼ਰਨ ਸੂਦ): ਇਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਮਹਿਲਾ ਅਧਿਆਪਕਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਕਾਰਨ ਅੱਜ ਸਕੂਲ ਨੂੰ ਸੈਨੇਟਾਈਜ਼ ਕੀਤਾ ਗਿਆ। ਐੱਸ.ਐਮ.ਓ ਨੇ ਦੱਸਿਆ ਕਿ ਮਹਿਲਾ ਅਧਿਆਪਕ ਦੇ ਜੋ ਸੰਪਰਕ ਵਿਚ ਆਏ ਸਨ, ਉਨ੍ਹਾਂ ਦੇ ਟੈਸਟ ਲਈ ਸਕੂਲ ਵੱਲੋਂ 50 ਵਿਅਕਤੀਆਂ ਦੀ ਲਿਸਟ ਆਈ ਹੈ ਜਿਸ ਵਿਚ ਸਕੂਲ ਸਟਾਫ਼ ਤੋਂ ਇਲਾਵਾ 4 ਵਿਦਿਆਰਥੀ ਵੀ ਸ਼ਾਮਲ ਹਨ। ਹਸਪਤਾਲ ਵਿਚ ਅੱਜ 30 ਦੇ ਕਰੀਬ ਕਰੋਨਾ ਟੈਸਟ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਰਿਪੋਰਟ ਕੱਲ੍ਹ ਆਵੇਗੀ।
ਮੁਹਾਲੀ ਵਿੱਚ ਦੋ ਮੌਤਾਂ, 37 ਨਵੇਂ ਮਾਮਲੇ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਦੋ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 231 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ 37 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 11 ਹਜ਼ਾਰ 975 ’ਤੇ ਪਹੁੰਚ ਗਈ ਹੈ। ਅੱਜ 58 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਅੱਜ 37 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 23 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਘੜੂੰਆਂ ਵਿੱਚ 5, ਖਰੜ ਵਿੱਚ 4, ਲਾਲੜੂ ਅਤੇ ਡੇਰਾਬੱਸੀ ਵਿੱਚ 1-1 ਅਤੇ ਕੁਰਾਲੀ ਵਿੱਚ 3 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 537 ਨਵੇਂ ਕੇਸ ਐਕਟਿਵ ਹਨ ਤੇ ਹੁਣ ਤੱਕ 11 ਹਜ਼ਾਰ 207 ਕਰੋਨਾ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।