ਪੱਤਰ ਪ੍ਰੇਰਕ
ਚੰਡੀਗੜ੍ਹ, 27 ਅਕਤੂਬਰ
ਚੰਡੀਗੜ੍ਹ ਵਿਖੇ ਅੱਜ 67 ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਇੱਕ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੁੜੈਲ ਨਿਵਾਸੀ 30 ਸਾਲਾ ਵਿਅਕਤੀ ਦੀ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਸ ਨੂੰ ਸਿਰ ਵਿੱਚ ਗਹਿਰੀ ਸੱਟ ਲੱਗਣ ਕਾਰਨ ਦਾਖਿਲ ਕਰਵਾਇਆ ਗਿਆ ਸੀ ਪਰ ਉਸ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 14152 ਹੋ ਗਿਆ ਹੈ।
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 28 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਮਰੀਜ਼ਾਂ ਦੀ ਗਿਣਤੀ 12,146 ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 235 ਮੌਤਾਂ ਹੋ ਚੁੱਕੀਆਂ ਹਨ। ਅੱਜ 92 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 28 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 21 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 3, ਲਾਲੜੂ ਤੇ ਬਨੂੜ ਵਿੱਚ 1-1 ਅਤੇ ਡੇਰਾਬੱਸੀ ਵਿੱਚ ਦੋ ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 18 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 2 ਨੰਗਲ ਇਲਾਕੇ ਵਿੱਚ 4, ਨੂਰਪੁਰ ਬੇਦੀ ਇਲਾਕੇ ਵਿੱਚ 9, ਮੋਰਿੰਡਾ ਇਲਾਕੇ ਵਿੱਚ ਇੱਕ ਅਤੇ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 2 ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੱਜ ਸ਼ਹਿਰ ਦੇ ਸੈਕਟਰ-7 ਨਿਵਾਸੀ 64 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਅਤੇ 28 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਮ੍ਰਿਤਕ ਪੰਚਕੂਲਾ ਦੇ ਪਾਰਸ ਹਸਪਤਾਲ ਵਿੱਚ ਦਾਖਲ ਸੀ।
ਸਕੂਲ ਅਧਿਆਪਕ ਪਾਜ਼ੇਟਿਵ ਆਊਣ ਕਾਰਨ ਮਾਪੇ ਫਿਕਰਮੰਦ
ਮੁਹਾਲੀ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਸਕੂਲ ਮਟੌਰ ਦੀ ਮੁੱਖ ਅਧਿਆਪਕਾ ਤੋਂ ਬਾਅਦ ਸਰਕਾਰੀ ਹਾਈ ਸਕੂਲ ਬੂਥਗੜ੍ਹ ਦੀ ਇਕ ਅਧਿਆਪਕਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਪੀਟੀਆਈ ਅਤੇ ਪੰਜਾਬੀ ਵਿਸ਼ੇ ਦੀ ਅਧਿਆਪਕਾ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਸਬੰਧੀ ਸਕੂਲ ਮੁਖੀ ਨੇ ਐਸਡੀਐਮ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਹੇ। ਪਤਾ ਲੱਗਾ ਹੈ ਕਿ ਸਕੂਲ ਦੇ ਤਿੰਨ ਹੋਰ ਅਧਿਆਪਕ ਵੀ ਬਿਮਾਰ ਚੱਲ ਰਹੇ ਹਨ, ਜਿਸ ਕਾਰਨ ਬਾਕੀ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪੇ ਕਾਫੀ ਫ਼ਿਕਰਮੰਦ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਦੱਸਿਆ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਲਿਖਤੀ ਸੂਚਨਾ ਮਿਲੀ ਹੈ। ਉਨ੍ਹਾਂ ਸਕੂਲਾਂ ਵਿੱਚ ਸਾਰੇ ਸਟਾਫ਼ ਦੇ ਟੈੱਸਟ ਕਰਵਾਏ ਗਏ ਹਨ।