ਕੁਲਦੀਪ ਸਿੰਘ
ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਕਾਰਨ ਅੱਜ ਦੋ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 61 ਵਿਅਕਤੀ ਵਾਇਰਸ ਦੀ ਲਪੇਟ ਵਿੱਚ ਆਏ ਹਨ। ਸ਼ਹਿਰ ਵਿੱਚ ਪੀੜਤ ਮਰੀਜ਼ਾਂ ਦਾ ਕੁੱਲ ਅੰਕੜਾ 14038 ਹੋ ਗਿਆ ਹੈ ਅਤੇ ਅੱਜ 80 ਮਰੀਜ਼ਾਂ ਦਾ ਇਕਾਂਤਵਾਸ ਖ਼ਤਮ ਹੋਇਆ ਹੈ। ਇਸੇ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ 653 ਰਹਿ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੈਕਟਰ-44 ਵਾਸੀ 74 ਸਾਲਾਂ ਦੇ ਵਿਅਕਤੀ ਅਤੇ ਸੈਕਟਰ-30 ਵਾਸੀ 70 ਸਾਲਾਂ ਦੀ ਬਿਰਧ ਔਰਤ ਦੀ ਸੈਕਟਰ-32 ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੋਵੇਂ ਜਣੇ ਕਰੋਨਾ ਦੇ ਨਾਲ ਹਾਈਪਰਟੈਨਸ਼ਨ ਤੇ ਡਾਇਬੀਟੀਜ਼ ਤੋਂ ਵੀ ਪੀੜਤ ਸਨ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਨਵੇਂ ਕਰੋਨਾ ਮਰੀਜ਼ ਸੈਕਟਰ 4, 7, 15, 19, 21, 22, 24, 25, 27, 28, 29, 33, 34, 35, 37, 38-ਵੈਸਟ, 40, 41, 42, 44, 46, 48, 52, ਦੜੂਆ, ਖੁੱਡਾ ਲਾਹੌਰਾ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ ਤੇ ਰਾਮ ਦਰਬਾਰ ਦੇ ਵਸਨੀਕ ਹਨ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 20 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 8 ਕੇਸ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਕ ਮਹਿਲਾ ਦੀ ਮੌਤ ਵੀ ਹੋਈ ਹੈ ਜੋ ਕਿ ਮੜ੍ਹਾਂਵਾਲਾ ਦੀ ਵਸਨੀਕ ਸੀ। ਜ਼ਿਲ੍ਹੇ ਵਿੱਚ ਕਰੋਨਾ ਦੇ 185 ਕੇਸ ਐਕਟਿਵ ਹਨ ਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 110 ਹੈ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅੱਜ ਕਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 60 ਹੈ। ਉਨ੍ਹਾਂ ਦੱਸਿਆ ਕਿ ਵਾਇਰਸ ਕਾਰਨ ਹੁਣ ਤੱਕ ਜ਼ਿਲ੍ਹੇ ਵਿਚ 99 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 102 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 8 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 3, ਭਰਤਗੜ੍ਹ ਇਲਾਕੇ ਵਿੱਚ 2, ਨੂਰਪੁਰ ਬੇਦੀ ਇਲਾਕੇ ਵਿੱਚ 2 ਅਤੇ ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਵਿੱਚ ਕਰੋਨਾ ਨੇ ਅੱਜ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਇਸ 37 ਸਾਲਾਂ ਦੇ ਵਿਅਕਤੀ ਨੂੰ ਕੋਈ ਹੋਰ ਬੀਮਾਰੀ ਨਹੀਂ ਸੀ। ਉਹ ਨਿੱਜੀ ਡਾਕਟਰ ਤੋਂ ਇਲਾਜ ਕਰਵਾ ਰਿਹਾ ਸੀ ਤੇ ਸਿਹਤ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਸੀ। ਅੱਜ ਜ਼ਿਲ੍ਹੇ ਵਿਚ 11 ਕੇਸ ਪਾਜ਼ੇਟਿਵ ਆਏ ਹਨ।
ਮੁਹਾਲੀ ਜ਼ਿਲ੍ਹੇ ਵਿੱਚ 39 ਨਵੇਂ ਕੇਸ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸਮੁੱਚੇ ਜ਼ਿਲ੍ਹੇ ਵਿੱਚ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 12063 ਹੋ ਗਈ ਹੈ। ਅੱਜ 16 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 39 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 25 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 7, ਕੁਰਾਲੀ ਵਿੱਚ ਇਕ, ਢਕੌਲੀ ਵਿੱਚ 2 ਅਤੇ ਡੇਰਾਬੱਸੀ ਵਿੱਚ ਚਾਰ ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 548 ਐਕਟਿਵ ਕੇਸ ਹਨ। ਹੁਣ ਤੱਕ 11 ਹਜ਼ਾਰ 283 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।