ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਪਰੈਲ
ਕਰੋਨਾ ਕਾਰਨ ਅੱਜ ਮੁਕਤਸਰ ਜ਼ਿਲ੍ਹੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਪਿੰਡ ਘੁਮਿਆਰਾ ਦੀ 75 ਸਾਲਾ ਔਰਤ, ਮਲੋਟ ਤੋਂ ਇੱਕ 65 ਸਾਲਾ ਵਿਅਕਤੀ ਅਤੇ ਮੁਕਤਸਰ ਤੋਂ ਇਕ 60 ਸਾਲਾ ਔਰਤ ਹੈ। ਇਹ ਸਾਰੀਆਂ ਮੌਤਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਹੋਈਆਂ ਹਨ। ਇਸ ਦੌਰਾਨ ਅੱਜ ਜ਼ਿਲ੍ਹੇ ਅੰਦਰ ਇੱਕ ਦਿਨ ਵਿੱਚ 204 ਲੋਕਾਂ ਨੂੰ ਕਰੋਨਾ ਦੀ ਲਾਗ ਲੱਗੀ ਹੈ।
ਏਲਨਾਬਾਦ (ਜਗਤਾਰ ਸਮਾਲਸਰ): ਅੱਜ ਇੱਕ ਹੋਰ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਨਗਰ ਪਾਲਿਕਾ ਕਰਮਚਾਰੀਆਂ ਵੱਲੋਂ ਕਲਿਆਣ ਭੂਮੀ ਵਿੱਚ ਕਰ ਦਿੱਤਾ ਗਿਆ।
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹੇ ਅੰਦਰ ਬੀਤੇ 24 ਘੰਟੇ ਵਿੱਚ ਕਰੋਨਾ ਦੇ 596 ਮਰੀਜ਼ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 3172 ਕੇਸ ਐਕਟਿਵ ਹਨ। ਇਹ ਜਾਣਕਾਰੀ ਡੀਸੀ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।
ਮਾਨਸਾ (ਪੱਤਰ ਪ੍ਰੇਰਕ): ਡੀਸੀ ਮਹਿੰਦਰ ਪਾਲ ਨੇ ਦੱਸਿਆ ਕਿ ਅੱਜ ਕਰੋਨਾ ਦੇ 256 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਇਸ ਸਮੇਂ ਜ਼ਿਲ੍ਹੇ ਵਿੱਚ 1113 ਐਕਟਿਵ ਕੇਸ ਹਨ।
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਫ਼ਿਰੋਜ਼ਪੁਰ ’ਚ ਅੱਜ ਕਰੋਨਾ ਦੇ ਨਵੇਂ ਆਏ 229 ਕੇਸਾਂ ਨੇ ਪਿਛਲੇ ਸਾਰੇ ਰਿਕਾਰੜ ਤੋੜ ਦਿੱਤੇ। ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ ਹੁਣ 848 ਹੋ ਗਈ ਹੈ। ਫ਼ਿਰੋਜ਼ਪੁਰ ਵਿੱਚ ਕਰੋਨਾ ਨਾਲ ਹੁਣ ਤੱਕ 198 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਰੋਨਾ ਪਾਜ਼ੇਟਿਵ ਮਰੀਜ਼ ਹਸਪਤਾਲ ’ਚੋਂ ਹੋਇਆ ਭਗੌੜਾ
ਤਪਾ ਮੰਡੀ: ਸਰਕਾਰੀ ਹਸਪਤਾਲ ਦੇ ਸੀਨੀਅਰ ਐੱਸਐੱਮਓ ਨੇ ਥਾਣਾ ਤਪਾ ਨੂੰ ਸੂਚਿਤ ਕੀਤਾ ਹੈ ਕਿ ਸਤਨਾਮ ਸਿੰਘ ਵਾਸੀ ਚਾਹੜ ਪੱਤੀ ਢੱਲਵਾਂ ਕੋਵਿਡ ਪਾਜ਼ੇਟਿਵ ਮਿਲਿਆ ਸੀ ਪਰ ਜਦੋਂ ਉਸਦੇ ਮੋਬਾਈਲ ’ਤੇ ਸੰਪਰਕ ਕੀਤਾ ਤਾਂ ਉਸਦੇ ਭਾਈ ਨੇ ਦੱਸਿਆ ਕਿ ਸਤਨਾਮ ਸਿੰਘ ਬਿਨਾਂ ਦੱਸੇ ਕੈਨੇਡਾ ਚਲਾ ਗਿਆ ਹੈ। ਤਪਾ ਪੁਲੀਸ ਨੇ ਸਤਨਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਸਹਾਇਕ ਥਾਣੇਦਾਰ ਬਲੀ ਰਾਮ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਐਂਬੈਸੀ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਹੈ। -ਪੱਤਰ ਪ੍ਰੇਰਕ
ਲੋੜੋਂ ਵੱਧ ਕੋਈ ਵੀ ਹਸਪਤਾਲ ਸਟੋਰ ਨਾ ਕਰੇ ਆਕਸੀਜਨ ਸਿਲੰਡਰ: ਡੀਸੀ
ਬਠਿੰਡਾ: ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਆਕਸੀਜਨ ਸਿਲੰਡਰਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਆਪਣੇ ਦਫ਼ਤਰ ਵਿੱਚ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਹਸਪਤਾਲਾਂ ਦੇ ਪੋਰਟਲ ਵਿੱਚ ਸ਼ਾਮਿਲ ਮਰੀਜ਼ਾਂ ਦੀ ਐਂਟਰੀ ਮੁਤਾਬਕ ਹੀ ਉਨ੍ਹਾਂ ਨੂੰ ਆਕਸੀਜਨ ਸਿਲੰਡਰਾਂ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ’ਚ ਆਕਸੀਜਨ ਸਿਲੰਡਰਾਂ ਦੀ ਸਹੀ ਵਰਤੋਂ ਦੇ ਨਿਰੀਖਣ ਲਈ ਆਡਿਟ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵੱਲੋਂ ਹਸਪਤਾਲਾਂ ’ਚ ਜਾ ਕੇ ਜਾਂਚ ਕੀਤੀ ਜਾਵੇਗੀ ਕਿ ਹਸਪਤਾਲਾਂ ਦੇ ਪੋਰਟਲ ’ਚ ਮਰੀਜ਼ਾ ਦੀ ਐਂਟਰੀ ਮੁਤਾਬਕ ਹੀ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਖਾਸ ਹਦਾਇਤ ਕੀਤੀ ਕਿ ਕੋਈ ਵੀ ਹਸਪਤਾਲ ਲੋੜ ਤੋਂ ਵਧੇਰੀ ਆਕਸੀਜਨ ਸਟੋਰ ਨਾ ਕਰੇ ਜਦਕਿ ਲੋੜ ਤੋਂ ਵੱਧ ਸਟੋਰ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ
ਕੈਂਪ ਵਿੱਚ ਤਿੰਨ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ
ਭੁੱਚੋ ਮੰਡੀ: ਸਿਹਤ ਵਿਭਾਗ ਦੀ ਟੀਮ ਨੇ ਪਿੰਡ ਭੁੱਚੋ ਕਲਾਂ ਵਿੱਚ ਕਰੋਨਾ ਵੈਕਸੀਨੇਸ਼ਨ ਕੈਂਪ ਲਗਾ ਕੇ ਲਗਭਗ 60 ਵਿਅਕਤੀਆਂ ਨੂੰ ਟੀਕੇ ਲਾਏ। ਇਸ ਦੌਰਾਨ ਵੈਕਸੀਨੇਸ਼ਨ ਕਰਵਾਉਣ ਆਏ 10 ਸ਼ੱਕੀ ਵਿਅਕਤੀਆਂ ਦੇ ਜਦੋਂ ਰੈਪਿਡ ਟੈਸਟ ਕੀਤੇ ਗਏ ਤਾਂ ਤਿੰਨ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ। ਹੈਲਥ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਕਰੋਨਾ ਪਾਜ਼ੇਟਿਵ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਇਕਾਂਤਵਾਸ ਹੋਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਡੇਰਾ ਰੂੰਮੀ ਵਾਲਾ ਭੁੱਚੋ ਕਲਾਂ ਵਿੱਚ ਵੈਕਸੀਨ ਦੇ ਟੀਕੇ ਲਾਏ ਜਾਣਗੇ। ਪੱਤਰ ਪ੍ਰੇਰਕ