ਕੁਲਦੀਪ ਸਿੰਘ
ਚੰਡੀਗੜ੍ਹ, 8 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਬੁੱਧਵਾਰ ਨੂੰ 15 ਹੋਰ ਮਰੀਜ਼ਾਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ ਵੱਧ ਕੇ 507 ਹੋ ਗਿਆ ਹੈ। ਯੂਟੀ ਸਿਹਤ ਵਿਭਾਗ ਮੁਤਾਬਕ ਮਨੀਮਾਜਰਾ ਦੀ ਔਰਤ, ਸੈਕਟਰ 19 ਦਾ 57 ਸਾਲਾਂ ਦਾ ਪੁਰਸ਼, ਸੈਕਟਰ 20 ਦੀ 53 ਸਾਲਾਂ ਦੀ ਔਰਤ ਸਮੇਤ ਦੋ ਪੁਰਸ਼, ਸੈਕਟਰ-45 ਦੀ 25 ਸਾਲਾਂ ਦੀ ਮੁਟਿਆਰ, ਸੈਕਟਰ-49 ਦੇ ਦੋ ਲੜਕੇ ਤੇ ਦੋ ਪੁਰਸ਼ ਅਤੇ ਦੋ ਔਰਤਾਂ ਕਰੋਨਾ ਪਾਜੇਟਿਵ ਕੇਸਾਂ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ ਸੈਕਟਰ 44 ਤੇ 43 ਦੇ ਤਿੰਨ ਵਸਨੀਕ, ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ, ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 61 ਸਾਲਾਂ ਦਾ ਮਰੀਜ਼, ਵਾਸੀ ਸੈਕਟਰ 24, ਨੂੰ ਅੱਜ ਸੂਦ ਧਰਮਸ਼ਾਲਾ ਸੈਕਟਰ-22 ਤੋਂ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ।
ਮੁਹਾਲੀ ਵਿੱਚ ਕਰੋਨਾ ਦੇ 4 ਨਵੇਂ ਮਾਮਲੇ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਵਿੱਚ ਕਰੋਨਾਵਾਇਰਸ ਦੇ ਚਾਰ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 327 ਹੋ ਗਈ ਹੈ ਜਿਨ੍ਹਾਂ ’ਚੋਂ 73 ਕੇਸ ਐਕਟਿਵ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਵਿੱਚ ਸੈਕਟਰ-68 ਸਥਿਤ ਪਿੰਡ ਕੁੰਭੜਾ ਦਾ ਰੋਹਿਤ ਕੁਮਾਰ (22), ਸੈਕਟਰ-48-ਸੀ ਦਾ ਇਕ ਵਿਅਕਤੀ ਅਤੇ ਸੈਕਟਰ-104 ਦਾ ਇਕ ਵਸਨੀਕ ਅਤੇ 14 ਸਾਲਾਂ ਦਾ ਨੌਜਵਾਨ ਸ਼ਾਮਲ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਮੁਹਾਲੀ ਦੇ ਐੱਸਡੀਐਮ ਜਗਦੀਪ ਸਹਿਗਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤਾਇਨਾਤ ਇਕ ਮਹਿਲਾ ਅਧਿਕਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ।
ਪੰਜਾਬ ਸਕੱਤਰੇਤ ਦਾ ਮੁਲਾਜ਼ਮ ਕਰੋਨਾ ਪਾਜ਼ੇਟਿਵ
ਚੰਡੀਗੜ੍ਹ: ਪੰਜਾਬ ਸਿਵਲ ਸਕੱਤਰੇਤ ਦੀ ਰਿਕਾਰਡ/ਲਾਇਬਰੇਰੀ ਸ਼ਾਖਾ ਵਿੱਚ ਜਿਲਦਸਾਜ਼ ਵਜੋਂ ਤਾਇਨਾਤ ਕਰਮਚਾਰੀ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਇਸ ਕਰਮਚਾਰੀ ਦੇ ਯੂਟੀ ਸਕੱਤਰੇਤ ਵਿਖੇ ਤਾਇਨਾਤ ਪੁੱਤਰ ਨੂੰ ਕਰੋਨਾ ਹੋਣ ਉਪਰੰਤ ਸਕੱਤਰੇਤ ਦੇ 24 ਕਰਮਚਾਰੀਆਂ ਨੂੰ ਤਿੰਨ ਦਿਨ ਦੀ ਛੁੱਟੀ ਉੱਤੇ ਭੇਜ ਦਿੱਤਾ ਗਿਆ ਸੀ। ਅੱਜ ਸਕੱਤਰੇਤ ਵਿੱਚ ਜਾਰੀ ਕੀਤੀ ਗਈ ਜ਼ਰੂਰੀ ਸੂਚਨਾ ਵਿੱਚ ਬਾਕੀ ਕਰਮਚਾਰੀਆਂ ਨੂੰ ਸਰਕਾਰੀ ਤੌਰ ’ਤੇ ਆਪਣਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਸਕੱਤਰੇਤ ਦਾ ਜਿਹੜਾ ਵੀ ਕੋਈ ਕਰਮਚਾਰੀ ਜਾਂ ਅਧਿਕਾਰੀ ਊਪਰੋਕਤ ਮੁਲਾਜ਼ਮ ਦੇ ਸੰਪਰਕ ਵਿੱਚ ਆ ਚੁੱਕਾ ਹੈ, ਉਹ ਆਪਣੀ ਪਛਾਣ ਦੱਸਦੇ ਹੋਏ ਸਕੱਤਰੇਤ ਪ੍ਰਸ਼ਾਸਨ ਨਾਲ ਸੰਪਰਕ ਕਰੇ ਤਾਂ ਜੋ ਉਨ੍ਹਾਂ ਦੇ ਕਰੋਨਾ ਟੈਸਟ ਸਰਕਾਰੀ ਪੱਧਰ ’ਤੇ ਕਰਵਾਏ ਜਾ ਸਕਣ। -ਪੱਤਰ ਪ੍ਰੇਰਕ
ਰੂਪਨਗਰ ਦਾ ਐੱਸਡੀਐੱਮ ਕਰੋਨਾਵਾਇਰਸ ਤੋਂ ਪੀੜਤ
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਦੇ ਐੱਸਡੀਐੱਮ ਜੀ.ਐੱਸ. ਜੌਹਲ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਊਹ ਬੀਤੇ ਦਿਨੀਂ ਪੀਸੀਐੱਸ ਐਸੋਸੀਏਸ਼ਨ ਦੀ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਸ੍ਰੀ ਜੌਹਲ ਨੂੰ ਇਕਾਂਤਵਾਸ ’ਚ ਭੇਜਿਆ ਗਿਆ ਹੈ।