ਕਰੋਨਾ ਨੇ ਰੋਕੇ ਚੰਡੀਗੜ੍ਹ ਦੇ ਚਾਰ ਨਵੇਂ ਸਰਕਾਰੀ ਸਕੂਲਾਂ ਦੇ ਦਾਖ਼ਲੇ

ਕਰੋਨਾ ਨੇ ਰੋਕੇ ਚੰਡੀਗੜ੍ਹ ਦੇ ਚਾਰ ਨਵੇਂ ਸਰਕਾਰੀ ਸਕੂਲਾਂ ਦੇ ਦਾਖ਼ਲੇ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਅਗਸਤ

ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਨਵੇਂ ਬਣ ਕੇ ਤਿਆਰ ਚਾਰ ਸਕੂਲਾਂ ਵਿਚ ਇਸ ਵਾਰ ਦਾਖਲੇ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਜਿਹਾ ਇਨ੍ਹਾਂ ਸਕੂਲਾਂ ਵਿਚ ਕਰੋਨਾ ਦੇ ਮਰੀਜ਼ਾਂ ਨੂੰ ਇਕਾਂਤਵਾਸ ਕਰਨ ਕਰ ਕੇ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਮਲੋਆ, ਰਾਏਪੁਰ ਕਲਾਂ, ਮੱਖਣਮਾਜਰਾ ਤੇ ਪੀਜੀਆਈ ਵਿਚ ਇਸ ਸਾਲ ਤੋਂ ਵਿਦਿਆਰਥੀਆਂ ਲਈ ਚਾਰ ਨਵੇਂ ਸਕੂਲਾਂ ਦਾ ਨਿਰਮਾਣ ਕੀਤਾ ਸੀ ਪਰ ਚੰਡੀਗੜ੍ਹ ਵਿਚ ਵਧਦੇ ਕੇਸਾਂ ਕਾਰਨ ਕਈ ਸਕੂਲਾਂ ਨੂੰ ਇਕਾਂਤਵਾਸ ਕੇਂਦਰ ਬਣਾਇਆ ਗਿਆ ਸੀ।

ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚਾਰ ਸਕੂਲਾਂ ਦਾ ਨਿਰਮਾਣ ਤਾਂ ਮੁਕੰਮਲ ਹੋ ਗਿਆ ਹੈ ਪਰ ਇਨ੍ਹਾਂ ਚਾਰ ਸਕੂਲਾਂ ਵਿਚ ਚਾਰ ਸੌ ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਕ ਦੇ ਸਲਾਹਕਾਰ ਨੇ ਇਨ੍ਹਾਂ ਸਕੂਲਾਂ ਨੂੰ ਇਸ ਸਾਲ ਤੋਂ ਸ਼ੁਰੂ ਨਾ ਕਰਨ ਬਾਰੇ ਹਦਾਇਤ ਜਾਰੀ ਕੀਤੀ ਹੈ। ਇਸ ਵੇਲੇ ਯੂਟੀ ਦੇ ਕਈ ਸਕੂਲ ਖਾਸਕਰ ਪੈਰੀਫੇਰੀ ਦੇ ਸਕੂਲਾਂ ਵਿਚ ਅਧਿਆਪਕ ਵਿਦਿਆਰਥੀ ਅਨੁਪਾਤ ਕਾਫੀ ਜ਼ਿਆਦਾ ਚਲ ਰਿਹਾ ਹੈ। ਜਦਕਿ ਰਾਈਟ ਟੂ ਐਜੂਕੇਸ਼ਨ ਆਰਟੀਈ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਵਿਚ 40 ਤੇ ਛੇਵੀਂ ਤੋਂ ਬਾਅਦ ਇਕ ਅਧਿਆਪਕ ਪਿੱਛੇ ਵੱਧ ਤੋਂ ਵੱਧ 45 ਵਿਦਿਆਰਥੀ ਹੋਣੇ ਚਾਹੀਦੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਸਕੂਲਾਂ ਨੂੰ ਇਸ ਸਾਲ ਨਾ ਖੋਲ੍ਹਣ ਦਾ ਫੈਸਲਾ ਸੁਰੱਖਿਆ ਕਾਰਨਾਂ ਕਰ ਕੇ ਲਿਆ ਗਿਆ ਹੈ।

ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਆਇਆ ‘ਸੁੱਖ ਦਾ ਸਾਹ’

ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ (ਐਨਆਈਓਐਸ) ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 5 ਅਗਸਤ ਨੂੰ ਆ ਗਿਆ। ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਚਾਹੇ ਦਾਖ਼ਲੇ ਬੰਦ ਹੋ ਗਏ ਹਨ ਪਰ ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਐਡਜਸਟ ਕੀਤਾ ਜਾਵੇਗਾ। ਊਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਸਬੰਧੀ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਜਾਵੇ। ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਲਈ ਦਾਖਲੇ ਦੀ ਤਰੀਕ 3 ਅਗਸਤ ਲੰਘ ਗਈ ਹੈ।

ਚਾਰ ਸਕੂਲਾਂ ’ਚ ਨਵੇਂ ਪ੍ਰਿੰਸੀਪਲ ਨਿਯੁਕਤ

ਸਿੱਖਿਆ ਵਿਭਾਗ ਨੇ ਚਾਰ ਲੈਕਚਰਾਰਾਂ ਨੂੰ 6 ਅਗਸਤ ਨੂੰ ਸਕੂਲ ਮੁਖੀ ਤਾਇਨਾਤ ਕਰ ਦਿੱਤਾ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਦੀ ਸੋਸ਼ਿਆਲੋਜੀ ਦੀ ਲੈਕਚਰਾਰ ਨਰਿੰਦਰ ਕੌਰ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਰੰਗਪੁਰ, ਐਸਸੀਈਆਰਟੀ ਸੈਕਟਰ-32 ਦੀ ਫਿਲਾਸਫੀ ਦੀ ਲੈਕਚਰਾਰ ਸਰਬਜੀਤ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-45, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18 ਦੀ ਫਰੈਂਚ ਦੀ ਲੈਕਚਰਾਰ ਰੇਨੂੰ ਸ਼ਰਮਾ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-28 ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-10 ਵਿਚ ਰਸਾਇਣ ਵਿਗਿਆਨ ਦੀ ਲੈਕਚਰਾਰ ਭਵਨੀਤ ਕੌਰ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-26 ਟਿੰਬਰ ਮਾਰਕੀਟ ਦੀ ਪ੍ਰਿੰਸੀਪਲ ਨਿਯੁਕਤ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All