ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਇਥੇ ਬਿਜਲੀ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਖਪਤਕਾਰ ਪਾਵਰਕੌਮ ਦੇ ਦਫ਼ਤਰ ਵਿੱਚ ਖੱਜਲ-ਖੁਆਰ ਹੋ ਰਹੇ ਹਨ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸਨਅਤੀ ਏਰੀਆ ਫੇਜ਼-7, ਸੈਕਟਰ-68 ਸਮੇਤ ਹੋਰਨਾਂ ਥਾਵਾਂ ’ਤੇ ਆਟੋਮੈਟਿਕ ਮਸ਼ੀਨਾਂ ਨਾਲ ਬਿਜਲੀ ਬਿੱਲਾਂ ਦੀ ਅਦਾਇਗੀ ਨਹੀਂ ਹੋ ਰਹੀ ਹੈ। ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਫੇਜ਼-9 ਵਿੱਚ ਮੈਨੂਅਲ ਕਾਊਂਟਰ ਵੀ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਖਪਤਕਾਰਾਂ ਨੂੰ ਬਿਜਲੀ ਬਿੱਲ ਜਮ੍ਹਾ ਕਰਨ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹਾਲੀ ਵਿੱਚ ਸਿਰਫ਼ ਉਦਯੋਗਿਕ ਏਰੀਆ ਫੇਜ਼-1 ਸਥਿਤ ਪਾਵਰਕੌਮ ਦੇ ਦਫ਼ਤਰ ਵਿੱਚ ਬਿਜਲੀ ਬਿੱਲ ਜਮ੍ਹਾ ਕਰਨ ਲਈ ਤਿੰਨ ਕਾਉਂਟਰਾਂ ਦੀ ਵਿਵਸਥਾ ਕੀਤੀ ਗਈ ਹੈ ਜਿੱਥੇ ਕਿ ਮੈਨੂਅਲ ਬਿਜਲੀ ਬਿੱਲਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇੱਥੇ ਟੀਨਾਂ ਹੇਠ ਤਿੰਨ ਲਾਈਨਾਂ ਲਗਾ ਕੇ ਖੜ੍ਹਨ ਦੇ ਆਦੇਸ਼ ਹਨ ਪਰ ਖਪਤਕਾਰ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਧੱਜੀਆਂ ਉੱਡਾ ਰਹੇ ਹਨ। ਉਧਰ, ਐਕਸੀਅਨ ਗੁਰਪ੍ਰੀਤ ਸਿੰਘ ਸੰਧੂ ਨੇ ਐੱਸਡੀਐੱਮ ਨੂੰ ਪੱਤਰ ਲਿਖ ਕੇ ਪੁਲੀਸ ਫੋਰਸ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਇੱਥੋਂ ਦੇ ਸੈਕਟਰ-79 ਦੇ ਵਸਨੀਕ ਸੁਖਦੇਵ ਸਿੰਘ, ਬਲਵਿੰਦਰ ਸਿੰਘ ਕੁੰਭੜਾ, ਡਾ. ਪਵਨ ਜੈਨ ਸੈਕਟਰ-69, ਸੁਖਦੀਪ ਸਿੰਘ ਫੇਜ਼-4 ਨੇ ਕਿਹਾ ਕਿ ਪਾਵਰਕੌਮ ਨੂੰ ਖਪਤਕਾਰਾਂ ਦੀ ਸਹੂਲਤ ਲਈ ਸੈਕਟਰ ਪੱਧਰ ’ਤੇ ਬਿੱਲ ਕੁਲੈਕਸ਼ਨ ਸੈਂਟਰ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦਫ਼ਤਰ ਵਿੱਚ ਬਿੱਲ ਜਮ੍ਹਾ ਕਰਵਾਉਣ ਵਾਲੀਆਂ ਤਿੰਨ ਖਿੜਕੀਆਂ ਦੇ ਬਾਹਰ ਟੀਨ ਦਾ ਸ਼ੈੱਡ ਬਣਾਇਆ ਗਿਆ ਹੈ। ਇੱਥੇ ਟੀਨਾਂ ਥੱਲੇ ਤੇਜ਼ ਧੁੱਪ ਦੇ ਸੇਕ ਵਿੱਚ ਖੜ੍ਹੇ ਹੋਣਾ ਕਾਫ਼ੀ ਮੁਸ਼ਕਲ ਹੈ। ਸ਼ੈੱਡ ਵਿੱਚ ਇਕ ਹੀ ਛੱਤ ਵਾਲਾ ਪੱਖਾ ਹੈ। ਉਹ ਬਿਲਕੁਲ ਖਿੜਕੀ ਦੇ ਨਾਲ ਲੱਗਾ ਹੋਇਆ ਹੈ। ਪੀਣ ਵਾਲੇ ਪਾਣੀ ਅਤੇ ਸੈਨੇਟਾਈਜਰ ਦਾ ਕੋਈ ਪ੍ਰਬੰਧ ਨਹੀਂ ਹੈ।
ਇਸੇ ਦੌਰਾਨ ਉਪਿੰਦਰਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਰਜੀਤ ਕੌਰ ਸੈਣੀ ਅਤੇ ਸੁਰਜੀਤ ਕੌਰ ਕਾਲੜਾ ਨੇ ਦੱਸਿਆ ਕਿ ਮੀਟਰਾਂ ਦੀ ਰੀਡਿੰਗ ਨਹੀਂ ਲਈ ਜਾ ਰਹੀ ਹੈ। ਪਾਵਰਕੌਮ ਵੱਲੋਂ ਪੁਰਾਣੀ ਯੂਨਿਟਾਂ ਨੂੰ ਆਧਾਰ ਬਣਾ ਕੇ ਬਿੱਲ ਭੇਜੇ ਜਾ ਰਹੇ ਹਨ।
ਕਰੋਨਾ ਕਾਰਨ ਆਟੋਮੈਟਿਕ ਮਸ਼ੀਨਾਂ ਬੰਦ ਕੀਤੀਆਂ: ਐਕਸੀਅਨ
ਪਾਵਰਕੌਮ ਦੇ ਐਕਸੀਅਨ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਦੇ ਮੱਦੇਨਜ਼ਰ ਆਟੋਮੈਟਿਕ ਮਸ਼ੀਨਾਂ ਬੰਦ ਕੀਤੀਆਂ ਗਈਆਂ ਹਨ। ਪਾਵਰਕੌਮ ਦਫ਼ਤਰ ਵਿੱਚ ਬਿੱਲ ਜਮ੍ਹਾ ਕਰਵਾਉਣ ਲਈ ਤਿੰਨ ਖਿੜਕੀਆਂ ਦੀ ਵਿਵਸਥਾ ਕੀਤੀ ਗਈ ਹੈ ਪਰ ਖਪਤਕਾਰਾਂ ਵੱਲੋਂ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਦੀ ਬਜਾਏ ਸ਼ੈੱਡ ਥੱਲੇ ਭੀੜ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਮੀਟਰਾਂ ਦੀ ਰੀਡਿੰਗ ਨਹੀਂ ਲਈ ਜਾ ਰਹੀ ਹੈ ਅਤੇ ਖਪਤਕਾਰਾਂ ਨੂੰ ਪੁਰਾਣੀ ਐਵਰੇਜ ਅਨੁਸਾਰ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਪਤਕਾਰ ਨੂੰ ਕੋਈ ਦਿੱਕਤ ਹੈ ਤਾਂ ਉਹ ਉਨ੍ਹਾਂ ਨੂੰ ਮਿਲ ਸਕਦੇ ਹਨ।