ਕਾਂਗਰਸੀ ਰੱਫੜ : ਬਗ਼ਾਵਤ ਵਿਚਾਲੇ ਬਘੇਲ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ: ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ ਵੱਟਿਆ ਪਾਸਾ
ਬਘੇਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਵੀ ਤਲਖ਼ੀ ਬਰਕਰਾਰ; ਰਾਜ ਕੁਮਾਰ ਵੇਰਕਾ ਨੇ ਵੀ ਚੰਨੀ ਨਾਲ ਖੜ੍ਹਨ ਦਾ ਲਿਆ ਪੈਂਤੜਾ
Congress Conflict: ਪੰਜਾਬ ਕਾਂਗਰਸ ’ਚ ਬਗ਼ਾਵਤ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ’ਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬਘੇਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਚੰਨੀ ਖੇਮੇ ਨੇ ਇੱਕ ਤਰੀਕੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਬਘੇਲ ਨਾਲੋਂ ਦੂਰੀ ਬਣਾ ਲਈ ਹੈ। ਅੱਜ ਭੁਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨਾਲ ਵੀ ਮੁਲਾਕਾਤ ਕੀਤੀ। ਉਸ ਮਗਰੋਂ ਵੇਰਕਾ ਨੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੜਨ ਦੀ ਗੱਲ ਕੀਤੀ। ਚਰਨਜੀਤ ਚੰਨੀ ਦੇ ਦਿੱਲੀ ਵਿਖੇ ਹੋਣ ਦੀਆਂ ਖ਼ਬਰਾਂ ਹਨ।
ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਮਿਲਣ ਦਾ ਲਿਆ ਪੈਂਤੜਾ
ਅਹਿਮ ਸੂਤਰਾਂ ਅਨੁਸਾਰ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਮਿਲਣ ਦਾ ਪੈਂਤੜਾ ਲਿਆ ਹੈ ਕਿਉਂਕਿ ਇਸ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਨਾਲ ਨਾਰਾਜ਼ ਹਨ ਕਿ ਬਘੇਲ ਨੇ ਕਦੇ ਵੀ ਉਨ੍ਹਾਂ ਨਾਲ ਗੱਲ ਕਰਨ ਨੂੰ ਪਹਿਲਾਂ ਤਰਜ਼ੀਹ ਨਹੀਂ ਦਿੱਤੀ ਸੀ। ਅੱਜ ਇੱਥੇ ਕਾਂਗਰਸ ਭਵਨ ’ਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਲੰਘੇ ਕੱਲ੍ਹ ਭੁਪੇਸ਼ ਬਘੇਲ ਨੇ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗ ਤੈਅ ਕੀਤੀ ਸੀ ਪ੍ਰੰਤੂ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ।
ਦੋਵੇਂ ਚੇਅਰਮੈਨ ਕਿਸੇ ਰੁਝੇਵੇਂ ’ਚ ਨਾ ਹੋਣ ਕਰਕੇ ਨਹੀਂ ਆ ਸਕੇ: ਰਾਜਾ ਵੜਿੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਦੋਵੇਂ ਚੇਅਰਮੈਨ ਕਿਸੇ ਰੁਝੇਵੇਂ ’ਚ ਨਾ ਹੋਣ ਕਰਕੇ ਨਹੀਂ ਆ ਸਕੇ। ਅੱਜ ਭੁਪੇਸ਼ ਬਘੇਲ ਵੱਲੋਂ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਵੀ ਰੱਖੀ ਹੋਈ ਹੈ। ਮੌਜੂਦਾ ਪ੍ਰਸਿਥਤੀਆਂ ਤੋਂ ਜਾਪਦਾ ਹੈ ਕਿ ਪੰਜਾਬ ਕਾਂਗਰਸ ਵਿਚਲਾ ਕਲੇਸ਼ ਸੌਖੇ ਹੀ ਨਿਪਟਣ ਵਾਲਾ ਨਹੀਂ। ਅੱਜ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਰਹੇ ਹਨ ਤੇ ਉਨ੍ਹਾਂ ਵੱਲੋਂ ਪੰਜਾਬ ਕਾਂਗਰਸ ਦੇ ਰੱਫੜ ਨੂੰ ਨਜਿੱਠਣ ਲਈ ਖ਼ੁਦ ਕਮਾਂਡ ਸੰਭਾਲੀ ਜਾ ਸਕਦੀ ਹੈ।
