ਕਿਸਾਨਾਂ ਦੇ ਹੱਕ ’ਚ ਕਾਂਗਰਸ ਦੀ ਰੈਲੀ ਲਈ ਲਾਮਬੰਦੀ
ਬਲਬੀਰ ਸਿੱਧੂ ਨੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿਚ ਮੀਟਿੰਗਾਂ ਕਰ ਕੇ ਰੈਲੀ ’ਚ ਪਹੁੰਚਣ ਦਾ ਸੱਦਾ ਦਿੱਤਾ
ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ 25 ਮਾਰਚ ਤੋਂ ਗਮਾਡਾ ਦਫ਼ਤਰ ਮੂਹਰੇ ਰੱਖੀ ਭੁੱਖ ਹੜਤਾਲ ਦੀ ਹਮਾਇਤ ਵਿਚ 6 ਅਪਰੈਲ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਲਈ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੂਰੀ ਵਾਹ ਲਾਈ ਹੋਈ ਹੈ। ਦੋ ਦਿਨਾਂ ਦੌਰਾਨ ਉਨ੍ਹਾਂ ਮੁਹਾਲੀ ਹਲਕੇ ਦੇ ਤਿੰਨ ਦਰਜਨ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜ਼ਮੀਨਾਂ ਬਣਾਉਣ ਲਈ ਰੈਲੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਗਮਾਡਾ ਬਿਨਾਂ ਕਿਸੇ ਲੋੜ ਤੋਂ ਕੌਡੀਆਂ ਦੇ ਭਾਅ ਦੋ ਦਰਜਨ ਪਿੰਡਾਂ ਦੀ ਦਸ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਲੈਣੀਆਂ ਕਿਸਾਨਾਂ ਨਾਲ ਸਿੱਧਾ ਧੱਕਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ 6 ਅਪਰੈਲ ਨੂੰ ਹੋਣ ਵਾਲੀ ਇਕੱਤਰਤਾ ਵਿਚ ਪ੍ਰਤਾਪ ਸਿੰਘ ਬਾਜਵਾ ਸਮੇਤ ਕਾਂਗਰਸ ਪਾਰਟੀ ਦੀ ਸਾਰੀ ਸੂਬਾਈ ਲੀਡਰਸ਼ਿਪ ਪਹੁੰਚੇਗੀ ਤੇ ਕਿਸਾਨਾਂ ਨੂੰ ਹਰ ਤਰਾਂ ਦਾ ਸਮਰਥਨ ਦੇਵੇਗੀ। ਉਨ੍ਹਾਂ ਪਿੰਡ ਪੱਤੋਂ, ਮਨੌਲੀ, ਰੁੜਕਾ, ਧਰਮਗੜ੍ਹ, ਸੇਖਣ ਮਾਜਰਾ, ਬੜੀ, ਮਾਣਕਪੁਰ ਕੱਲਰ, ਕੁਰੜਾ, ਕੁਰੜੀ, ਬਾਕਰਪੁਰ, ਮੋਟੇ ਮਾਜਰਾ, ਤੰਗੋਰੀ, ਨਡਿਆਲੀ, ਮਟਰਾਂ, ਸਿਆਊ ਆਦਿ ਸੰਬੋਧਨ ਕਰਦਿਆਂ ਕਿਹਾ ਕਿ ਗਮਾਡਾ ਮੁਨਾਫ਼ਾ ਕਮਾਉਣ ਵਾਲਾ ਡੀਲਰ ਬਣ ਕੇੇ ਕਿਸਾਨਾਂ ਦੀ ਲੁੱਟ ਕਰ ਰਿਹਾ ਹੈ। ਇਕੱਠਾਂ ਨੂੰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵੀ ਸੰਬੋਧਨ ਕੀਤਾ।
ਗਮਾਡਾ ਦਫ਼ਤਰ ਅੱਗੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ
ਕਿਸਾਨਾਂ ਦੀ ਗਮਾਡਾ ਦਫ਼ਤਰ ਮੂਹਰੇ ਭੁੱਖ ਹੜਤਾਲ ਅੱਜ ਸ਼ੁੱਕਰਵਾਰ ਨੂੰ ਦਸਵੇਂ ਦਿਨ ਵੀ ਜਾਰੀ ਰਹੀ। ਅੱਜ ਪਿੰਡ ਸਿਆਊ ਦੇ ਦਰਜਨਾਂ ਤੋਂ ਵੱਧ ਕਿਸਾਨਾਂ ਨੇ ਗੁਰਮੀਤ ਸਿੰਘ ਸਿਆਊ, ਤਰਲੋਚਨ ਸਿੰਘ ਨੰਡਿਆਲੀ ਅਤੇ ਹੋਰਨਾਂ ਨੇ ਭੁੱਖ ਹੜਤਾਲ ਰੱਖੀ। ਕਿਸਾਨਾਂ ਨੇ ਕਿਹਾ ਕਿ ਉਹ ਗਮਾਡਾ ਨੂੰ ਕਿਸੇ ਕੀਮਤ ’ਤੇ ਵੀ ਜ਼ਮੀਨਾਂ ਐਕੁਆਇਰ ਨਹੀਂ ਕਰਨ ਦੇਣਗੇ।

