Congress Protest: ਸਾਬਕਾ ਸਪੀਕਰ ਨੇ ਸਮਰਥਕਾਂ ਸਣੇ ਥਾਣਾ ਘੇਰਿਆ
ਮੰਤਰੀ ’ਤੇ ਕਾਂਗਰਸੀ ਕੌਂਸਲਰਾਂ ਨੂੰ ਤੰਗ ਕਰਨ ਦਾ ਦੋਸ਼
ਨੰਗਲ ਪੁਲੀਸ ਅਤੇ ਹੋਰ ਵਿਭਾਗਾਂ ਅਤੇ ਏਜੰਸੀਆਂ ਵੱਲੋਂ ਸਥਾਨਕ ਕਾਂਗਰਸੀ ਕੌਂਸਲਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਕਾਂਗਰਸੀ ਆਗੂ ਅਤੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਪੁਲੀਸ ਥਾਣੇ ਅੱਗੇ ਸਮਰਥਕਾਂ ਸਣੇ ਧਰਨਾ ਲਾਇਆ। ਰਾਣਾ ਕੇ ਪੀ ਨੇ ਧਰਨੇ ਦੌਰਾਨ ਕਿਹਾ ਕਿ ਕੈਬਨਿਟ ਹਰਜੋਤ ਸਿੰਘ ਬੈਂਸ ਦੀ ਕਥਿਤ ਸ਼ਹਿ ’ਤੇ ਪੁਲੀਸ, ਵਿਭਾਗਾਂ ਅਤੇ ਏਜੰਸੀਆਂ ਵੱਲੋਂ ਕਾਂਗਰਸੀ ਕੌਂਸਲਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਬੈਂਸ ਨੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅੱਜ ਨਗਰ ਕੌਂਸਲ ਨੰਗਲ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ, ਦੀਪਕ ਨੰਦਾ, ਵਿਦਿਆ ਸਾਗਰ ਦੇ ਪਰਿਵਾਰ ਨੂੰ ਪੁਲੀਸ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੀਮਤੀ ਸੋਨੀਆ ਸੈਣੀ ਅਤੇ ਅਨੀਤਾ ਸ਼ਰਮਾ ਨੂੰ ਨੋਟਿਸ ਦੇ ਕੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬੈਂਸ ਕਾਂਗਰਸ ਦੇ ਅੱਠ ਕੌਂਸਲਰਾਂ ’ਤੇ ਤਸ਼ੱਦਦ ਕਰਵਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਪੁਲੀਸ ਅਤੇ ਕੈਬਨਿਟ ਮੰਤਰੀ ਨੂੰ ਚਿਤਾਵਨੀ ਵੀ ਦਿੱਤੀ। ਧਰਨੇ ਦੌਰਾਨ ਨਗਰ ਕੌਂਸਲਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
ਮਸੋਲ ਵਾਸੀਆਂ ਨੇ ਨਵਾਂ ਗਰਾਉਂ ਦਾ ਥਾਣਾ ਘੇਰਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮਸੋਲ ਦੇ ਸਰਪੰਚ ਬਿੰਦਰ ਸਿੰਘ ਅਤੇ ਪੰਚ ਬਲਵੀਰ ਸਿੰਘ ਨੂੰ ਜ਼ਖ਼ਮੀ ਕਰਨ ਵਾਲੇ ਮੁਲਜ਼ਮਾਂ ਨੂੰ ਹਫਤਾ ਬੀਤਣ ਮਗਰੋਂ ਵੀ ਗ੍ਰਿਫਤਾਰ ਨਾ ਕਰਨ ਦੇ ਮਾਮਲੇ ਸਬੰਧੀ ਲੋਕਾਂ ਨੇ ਨਵਾਂ ਗਰਾਉਂ ਦਾ ਥਾਣਾ ਘੇਰਿਆ ਅਤੇ ਪੁਲੀਸ਼ ਖ਼ਿਲਾਫ਼ ਨਾਅਰੇਬਾਜ਼ੀਹ ਕੀਤੀ। ਦੋ ਦਰਜਨ ਦੇ ਕਰੀਬ ਹਸਤਾਖਰਾਂ ਨਾਲ ਭਰੇ ਪੱਤਰ ਰਾਹੀਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਐੱਸ ਐੱਸ ਪੀ ਸਣੇ ਡੀ ਐੱਸ ਪੀ ਨੂੰ ਚਿੱਠੀ ਦਿੱਤੀ ਸੀ ਕਿ 30 ਜੂਨ ਨੂੰ ਸਰਪੰਚ ਬਿੰਦਰ ਸਿੰਘ ਤੇ ਪੰਚ ਬਲਵੀਰ ਸਿੰਘ ਨੂੰ ਜ਼ਖ਼ਮੀ ਕਰਨ ਵਾਲੇ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਨਵਾਂ ਗਰਾਉਂ ਪੁਲੀਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੁੱਝ ਜਣੇ ਸ਼ਰੇਆਮ ਲੋਕਾਂ ਨੂੰ ਅਜੇ ਵੀ ਘੇਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਜਲਦੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਲੋਕਾਂ ਵੱਲੋਂ ਅਣਮਿੰਥੇ ਸਮੇਂ ਲਈ ਸੜਕ ਜਾਮ ਕੀਤੀ ਜਾਵੇਗੀ। ਅਥਾਣਾ ਨਵਾਂ ਗਰਾਉਂ ਦੇ ਐੱਸ ਐੱਚ ਓ ਸ਼ਿਵਦੀਪ ਬਰਾੜ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਮੁਲਜ਼ਮ ਅਮਰੀਕ ਸਿੰਘ ਧੜੇ ਦੇ ਗਿਆਰਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਅਤੇ ਲਾਡੀ ਨੂੰ ਗ੍ਰਿਫਤਾਰ ਵੀ ਕਰ ਲਿਆ,ਬਾਕੀ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਜਾਂਚ ਅਫਸਰ ਅਵਤਾਰ ਸਿੰਘ ਮਾਨ ਵੱਲੋਂ ਕਾਰਵਾਈ ਜਾਰੀ ਹੈ।
