ਮੁਕੇਸ਼ ਕੁਮਾਰ
ਚੰਡੀਗੜ੍ਹ, 26 ਫਰਵਰੀ
‘ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੇ ਬਿੱਲਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਚੰਡੀਗੜ੍ਹ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ। ਚੰਡੀਗੜ੍ਹ ਕਾਂਗਰਸ ਵੱਲੋਂ ਪਾਣੀ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਨਗਰ ਨਿਗਮ ਦੇ ਕੌਂਸਲਰਾਂ ਦੇ ਘਰਾਂ ਦੇ ਘਿਰਾਓ ਕੀਤਾ ਜਾਵੇਗਾ। ਇਹ ਜਾਣਕਾਰੀ ਚੰਡੀਗੜ੍ਹ ਕਾਂਗਰਸ ਦੇ ਨਵੇਂ ਥਾਪੇ ਗਏ ਪ੍ਰਧਾਨ ਸੁਭਾਸ਼ ਚਾਵਲਾ ਨੇ ਇੱਥੇ ਸੈਕਟਰ 35 ਸਥਿਤ ਕਾਂਗਰਸ ਭਵਨ ਵਿੱਚ ਅੱਜ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਸੁਭਾਸ਼ ਚਾਵਲਾ ਨੇ ਬਤੌਰ ਕਾਂਗਰਸ ਪ੍ਰਧਾਨ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਨਗਰ ਨਿਗਮ ਨੇ ਪਾਣੀ ਦੀਆਂ ਦਰਾਂ ਵਿੱਚ ਵਾਧਾ ਕਰਕੇ ਲੋਕਾਂ ’ਤੇ ਨਵਾਂ ਬੋਝ ਪਾ ਦਿੱਤਾ ਹੈ। ਸ੍ਰੀ ਚਾਵਲਾ ਨੇ ਕਿਹਾ ਕਿ ਇਹ ਵਿੱਤੀ ਬੋਝ ਸਿਰਫ ਸ਼ਹਿਰੀ ਖੇਤਰ ਦੇ ਵਾਸੀਆਂ ‘ਤੇ ਹੀ ਨਹੀਂ, ਇੱਥੋਂ ਦੇ ਪਿੰਡਾਂ ਦੇ ਵਾਸੀਆਂ ’ਤੇ ਵੀ ਪਾਇਆ ਗਿਆ ਹੈ। ਗਰੀਬੀ ਰੇਖਾ ਤੋਂ ਥੱਲੇ ਦੇ ਲੋਕਾਂ ਤੋਂ ਵੀ ਹਰ ਮਹੀਨੇ ਪਾਣੀ ਦੇ ਬਿੱਲਾਂ ਲਈ ਪੰਜ ਪੰਜ ਸੌ ਰੁਪਏ ਵਸੂਲੇ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਨਿਗਮ ਦੇ ਇਸ ਜਨ ਵਿਰੋਧੀ ਫੈਸਲੇ ਖਿਲਾਫ ਚੰਡੀਗੜ੍ਹ ਕਾਂਗਰਸ ਵੱਲੋਂ ਵੱਡੇ ਪੱਧਰ ’ਤੇ ਭਾਜਪਾ ਸ਼ਾਸਿਤ ਨਗਰ ਨਿਗਮ ਨੂੰ ਜਗਾਉਣ ਦੇ ਕੰਮ ਕਰਨ ਲਈ ਇੱਕ ਵੱਡਾ ਮੋਰਚਾ ਖੋਲ੍ਹਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਾਂਗਰਸ 28 ਫਰਵਰੀ ਤੋਂ ਆਪਣੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਨਗਰ ਨਿਗਮ ਦੇ ਭਾਜਪਾ ਕੌਂਸਲਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਚੰਡੀਗੜ੍ਹ ਭਾਜਪਾ ਪ੍ਰਧਾਨ ਤੇ ਕੌਂਸਲਰ ਅਰੁਣ ਸੂਦ ਦੇ ਸੈਕਟਰ 37 ਤੋਂ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜੀਵਾਰ ਸ਼ਹਿਰ ਦੇ ਹੋਰ ਵੱਖ ਵੱਖ ਸੈਕਟਰਾਂ ਵਿੱਚ ਰਹਿਣ ਵਾਲੇ ਭਾਜਪਾ ਕੌਂਸਲਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਕੌਂਸਲਰ ਨੂੰ ਕਾਂਗਰਸ ਪਾਰਟੀ ਦੇ ਤਿੰਨ ਤੋਂ ਚਾਰ ਨੁਮਾਇੰਦਿਆਂ ਦੇ ਵਫਦ ਵੱਲੋਂ ਇੱਕ ਫੁੱਲ ਅਤੇ ਮੀਮੋ ਦੇ ਕੇ ਸ਼ਹਿਰ ਵਿੱਚ ਪਾਣੀ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇਗਾ।
ਸੁਭਾਸ਼ ਚਾਵਲਾ ਨੇ ਦੱਸਿਆ ਕਿ ਇਹ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਾਂਗਰਸ ਵਲੋਂ ਆਪਣੇ ਇਸ ਰੋਸ ਪ੍ਰਦਰਸ਼ਨ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਹੈ, ਜੇਕਰ ਉਹਨਾਂ ਨੂੰ ਕੌਂਸਲਰਾਂ ਦੇ ਘਰਾਂ ਨੂੰ ਜਾਣ ਤੋਂ ਰੋਕਿਆ ਗਿਆ ਤਾਂ ਉਹ ਉਥੇ ਸੜਕ ’ਤੇ ਹੀ ਆਪਣਾ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਹਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕੀਤੇ ਜਾਣਗੇ। ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਨਿਗਮ ਸਦਨ ਵਿੱਚ ਨੇਤਾ ਦਵਿੰਦਰ ਸਿੰਘ ਬਬਲਾ ਸਮੇਤ ਪਾਰਟੀ ਦੇ ਮੁੱਖ ਬੁਲਾਰੇ ਹਰ ਮੋਹਿੰਦਰ ਸਿੰਘ ਲੱਕੀ, ਗੁਰਬਖਸ਼ ਕੌਰ ਰਾਵਤ ਅਤੇ ਹਰਮੇਲ ਕੇਸਰੀ ਵੀ ਮੌਜੂਦ ਸਨ।