ਦੇਸ਼ ਭਗਤ ਯੂਨੀਵਰਸਿਟੀ ’ਚ ਕਾਨਫਰੰਸ ਤੇ ਕਿਸਾਨ ਮਿਲਣੀ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਐਗਰੀਮ ਕਲੱਬ, ਖੇਤੀਬਾੜੀ ਤੇ ਜੀਵਨ ਵਿਗਿਆਨ ਫੈਕਲਟੀ ਵਲੋਂ ਆਈ ਕਿਊ ਏ ਸੀ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ ਪ੍ਰਦਰਸ਼ਨੀ ਤੇ ਸਟਾਲਾਂ ਦੇ ਨਾਲ ਭਵਿੱਖ ਦੀ ਖੇਤੀ ਨਵੀਨਤਾ, ਉੱਦਮਤਾ ਅਤੇ ਤਕਨਾਲੋਜੀ ’ਤੇ ਅਗਾਂਹਵਧੂ ਕਿਸਾਨ ਮਿਲਣੀ-2025 ਤੇ ਕੌਮਾਂਤਰੀ ਸੰਮੇਲਨ ਕਰਵਾਇਆ ਗਿਆ। ਪ੍ਰੋਗਰਾਮ ’ਚ ਯੂਨੀਵਰਸਿਟੀ ਵੱੱਲੋਂ ਅਪਣਾਏ ਪਿੰਡਾਂ ਤੇ ਗੁਆਂਢੀ ਖੇਤਰਾਂ ਦੇ 200 ਦੇ ਕਰੀਬ ਅਗਾਂਹਵਧੂ ਕਿਸਾਨ ਸ਼ਾਮਲ ਹੋਏ। ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਮੁੱਖ-ਮਹਿਮਾਨ ਜਦਕਿ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਖੇਤੀਬਾੜੀ ਅਤੇ ਜੀਵਨ ਵਿਗਿਆਨ ਫੈਕਲਟੀ ਦੇ ਡਾਇਰੈਕਟਰ, ਪ੍ਰੋ. (ਡਾ.) ਐਚਕੇ ਸਿੱਧੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਖੇਤੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਟਿਕਾਊ, ਤਕਨਾਲੋਜੀ-ਅਧਾਰਤ ਤੇ ਭਵਿੱਖ-ਤਿਆਰ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਏ ਐੱਸ ਗਿੱਲ ਡਾਇਰੈਕਟਰ ਸੀਡ ਫਾਰਮ ਨਾਭਾ, ਡਾ. ਰਣਜੀਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਅਤੇ ਡਾ. ਬੂਟਾ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫਤਹਿਗੜ੍ਹ ਸਾਹਿਬ ਆਦਿ ਮਾਹਿਰਾਂ ਨੇ ਆਧੁਨਿਕ ਖੇਤੀ ਅਭਿਆਸਾਂ, ਬੀਜ ਉੱਨਤੀ ਅਤੇ ਕਿਸਾਨ-ਕੇਂਦ੍ਰਿਤ ਸਰਕਾਰੀ ਪਹਿਲਕਦਮੀਆਂ ’ਤੇ ਚਰਚਾ ਕੀਤੀ। ਅਗਾਂਹਵਧੂ ਕਿਸਾਨ, ਦਰਸ਼ਨ ਸਿੰਘ ਬੱਬੀ ਸੌਂਟੀ, , ਰਾਊਂਡ ਗਲਾਸ ਫਾਊਡੇਸ਼ਨ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਨੀਤ ਸਿੰਘ, ਪਰਮਜੀਤ ਸਿੰਘ ਜਲਬੇੜੀ ਤੇ ਪਲਵਿੰਦਰ ਸਿੰਘ ਬਰੌਗਾ ਨੇ ਤਜਰਬੇ ਸਾਂਝੇ ਕੀਤੇ।
