
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਜਨਵਰੀ
ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੈਕਟਰ 18 ਦੀ ਅਧਿਆਪਕਾ ਨੇ ਪ੍ਰਿੰਸੀਪਲ ਉੱਤੇ ਜਾਤੀਸੂਚਕ ਸ਼ਬਦ ਕਹਿਣ ਦਾ ਦੋਸ਼ ਲਾਇਆ ਹੈ। ਇਸ ਅਧਿਆਪਕਾ ਨੇ ਇਸ ਸਬੰਧੀ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਤੇ ਚੰਡੀਗੜ੍ਹ ਦੇ ਸਲਾਹਕਾਰ ਤੋਂ ਇਲਾਵਾ ਸਿੱਖਿਆ ਅਧਿਕਾਰੀਆਂ ਨੂੰ ਵੀ ਪੱਤਰ ਲਿਖਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਇਸ ਸਰਕਾਰੀ ਸਕੂਲ ਵਿੱਚ ਗਣਤੰਤਰ ਦਿਵਸ ਮੌਕੇ ਸਮਾਗਮ ਕਰਵਾਇਆ ਜਾਣਾ ਸੀ ਤੇ ਤਿਰੰਗਾ ਲਹਿਰਾਉਣ ਵੇਲੇ ਸਕੂਲ ਦੀ ਪ੍ਰਿੰਸੀਪਲ ਚਾਹੁੰਦੇ ਸਨ ਕਿ ਉਨ੍ਹਾਂ ਦੇ ਆਉਣ ’ਤੇ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਸਨਮਾਨਿਆ ਜਾਵੇ ਤੇ ਉਨ੍ਹਾਂ ਨੂੰ ਐਸਕਾਰਟ ਕਰਦੇ ਹੋਏ ਤਿਰੰਗਾ ਲਹਿਰਾਉਣ ਵਾਲੀ ਥਾਂ ’ਤੇ ਲਿਜਾਇਆ ਜਾਵੇ। ਅਜਿਹਾ ਨਾ ਹੋਣ ’ਤੇ ਸਕੂਲ ਦੀ ਪ੍ਰਿੰਸੀਪਲ ਭੜਕ ਗਈ ਤੇ ਉਕਤ ਅਧਿਆਪਕਾ ਨਾਲ ਬਦਸਲੂਕੀ ਕੀਤੀ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਕਹਿੰਦਿਆਂ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਨੇ ਅਧਿਆਪਕਾਂ ਦੀ ਮੀਟਿੰਗ ਸੱਦੀ ਤੇ ਸਮਾਗਮ ਵਿੱਚ ਨੁਕਸ ਕੱਢ ਕੇ ਅਧਿਆਪਕਾ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਪ੍ਰਿੰਸੀਪਲ ਕਈ ਅਧਿਆਪਕਾਂ ਸਮੇਤ ਉਸ ਨੂੰ ਘਰ ਸੱਦ ਕੇ ਘਰੇਲੂ ਕੰਮ ਕਰਵਾਉਂਦੀ ਹੈ ਤੇ ਘਰ ਨਾ ਆਉਣ ’ਤੇ ਗਲਤ ਡਿਊਟੀਆਂ ਲਾ ਕੇ ਪ੍ਰੇਸ਼ਾਨ ਕਰਦੀ ਹੈ।
ਈਡਬਲਿਊਐਸ ਦਾਖਲੇ ਲਈ ਤਰੀਕ 16 ਫਰਵਰੀ ਤਕ ਵਧਾਈ: ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਨ ਸੂਚਨਾ ਦਿੱਤੀ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੀ ਦਰਖਾਸਤ ਕਰਨ ਦੀ ਆਖਰੀ ਮਿਤੀ ਵਧਾ ਕੇ ਹੁਣ 16 ਫਰਵਰੀ ਕਰ ਦਿੱਤਾ ਗਿਆ ਹੈ।
ਪ੍ਰਿੰਸੀਪਲ ਨੇ ਦੋਸ਼ ਨਕਾਰੇ
ਪ੍ਰਿੰਸੀਪਲ ਰਾਜ ਬਾਲਾ ਨੇ ਕਿਹਾ ਕਿ ਅਧਿਆਪਕਾ ਵੱਲੋਂ ਜੋ ਦੋਸ਼ ਲਾਏ ਗਏ ਹਨ ਉਹ ਸਾਰੇ ਗਲਤ ਤੇ ਮਨਘੜਤ ਹਨ। ਉਨ੍ਹਾਂ ਨੇ ਸਿਰਫ ਗਣਤੰਤਰ ਦਿਵਸ ਸਮਾਗਮ ਮੌਕੇ ਪ੍ਰਬੰਧਾਂ ਬਾਰੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ ਤੇ ਕਿਸੇ ਨੂੰ ਵੀ ਧਮਕੀਆਂ ਨਹੀਂ ਦਿੱਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ