ਸਕੂਲ ਬੱਸ ਤੇ ਟਰਾਲੇ ਦੀ ਟੱਕਰ, 3 ਬੱਚਿਆਂ ਸਣੇ ਛੇ ਜ਼ਖ਼ਮੀ : The Tribune India

ਸਕੂਲ ਬੱਸ ਤੇ ਟਰਾਲੇ ਦੀ ਟੱਕਰ, 3 ਬੱਚਿਆਂ ਸਣੇ ਛੇ ਜ਼ਖ਼ਮੀ

ਸਕੂਲ ਬੱਸ ਤੇ ਟਰਾਲੇ ਦੀ ਟੱਕਰ, 3 ਬੱਚਿਆਂ ਸਣੇ ਛੇ ਜ਼ਖ਼ਮੀ

ਸੜਕ ਹਾਦਸੇ ਵਿੱਚ ਨੁਕਸਾਨੀ ਗਈ ਸਕੂਲ ਬੱਸ। -ਫੋਟੋ: ਸੋਢੀ

ਪੱਤਰ ਪ੍ਰੇਰਕ

ਐੱਸ.ਏ.ਐੱਸ. ਨਗਰ (ਮੁਹਾਲੀ), 4 ਦਸੰਬਰ

ਲਾਂਡਰਾਂ-ਬਨੂੜ ਸੜਕ ’ਤੇ ਸਥਿਤ ਪਿੰਡ ਫੌਜੀ ਕਲੋਨੀ ਨੇੜੇ ਸਕੂਲ ਬੱਸ ਅਤੇ ਘੋੜਾ ਟਰਾਲੇ ਦੀ ਸਿੱਧੀ ਟੱਕਰ ਵਿੱਚ ਤਿੰਨ ਬੱਚਿਆਂ ਸਮੇਤ ਛੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਈਸਾਈ ਭਾਈਚਾਰੇ ਦੇ ਲੋਕ ਹੋਲੀ ਫੈਮਿਲੀ ਸਕੂਲ ਨਾਭਾ ਸਾਹਿਬ ਦੀ ਇੱਕ ਬੱਸ ਵਿੱਚ ਸਵਾਰ ਹੋ ਕੇ ਮੁਹਾਲੀ ਦੇ ਫੇਜ਼-9 ਵਿੱਚ ਹੋਏ ਧਾਰਮਿਕ ਸਮਾਗਮ ਤੋਂ ਬਾਅਦ 10 ਕੁ ਵਜੇ ਵਾਪਸ ਆ ਰਹੇ ਸਨ।

ਸਵਾਰੀਆਂ ਨਾਲ ਭਰੀ ਬੱਸ ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਸਮੇਂ ਫੌਜੀ ਕਲੋਨੀ ਨੇੜੇ ਪੁੱਜੀ ਤਾਂ ਸਾਹਮਣੇ ਆ ਰਹੇ ਘੋੜਾ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਐਨਾ ਭਿਆਨਕ ਸੀ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸੜਕ ਵੱਲ ਦੌੜ ਪਏ।

ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਜ਼ਖ਼ਮੀ ਬੱਸ ਸਵਾਰਾਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਇਸ ਹਾਦਸੇ ਵਿੱਚ ਖੂਨ ਨਾਲ ਲੱਥਪੱਥ ਤਿੰਨ ਬੱਚਿਆਂ ਸਮੇਤ ਛੇ ਸਵਾਰੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਬਨੂੜ ਪੁਲੀਸ ਦੇ ਕਰਮਚਾਰੀ ਮੌਕੇ ’ਤੇ ਪੁੱਜੇ। ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਅਤੇ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖ਼ਮੀ ਸਵਾਰੀਆਂ ਦੀ ਪਛਾਣ ਬੱਸ ਚਾਲਕ ਨਰਿੰਦਰ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ (ਮੁਹਾਲੀ), ਸੂਬਾ ਸਿੰਘ (48), ਉਸਦੀ ਪਤਨੀ ਰਾਜ ਰਾਣੀ ਵਾਸੀ ਮਨੌਲੀ ਸੂਰਤ, ਕੁਨਾਲ (7), ਆਹਿਲ (10), ਸਮਰ (12) ਵਾਸੀ ਵਾਰਡ ਨੰਬਰ-3 ਬਨੂੜ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪੁਲੀਸ ਨੇ ਸੜਕ ਦੇ ਦੋਵੇਂ ਪਾਸੇ ਲੱਗੇ ਲੰਮੇ ਜਾਮ ਨੂੰ ਖੁਲ੍ਹਵਾ ਕੇ ਆਵਾਜਾਈ ਬਹਾਲ ਕਰਵਾਈ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਬਨੂੜ ਨੇੜਲੇ ਪਿੰਡਾਂ ਦੇ ਵਸਨੀਕ ਹਨ ਅਤੇ ਮੁਹਾਲੀ ਵਿੱਚ ਧਾਰਮਿਕ ਸਮਾਗਮ ’ਚੋਂ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੀੜਤਾਂ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਕਾਰ ਦੀ ਟੱਕਰ ’ਚ ਥ੍ਰੀ-ਵ੍ਹੀਲਰ ਚਾਲਕ ਜ਼ਖ਼ਮੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਸੈਕਟਰ-15 ਵਿੱਚ ਸਥਿਤ ਡਾਕਖਾਨੇ ਦੇ ਨਜ਼ਦੀਕ ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿੱਚ ਆਉਣ ਕਾਰਨ ਥ੍ਰੀ-ਵ੍ਹੀਲਰ ਚਾਲਕ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਜੈਰਾਮ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਸੈਕਟਰ-11 ਦੀ ਪੁਲੀਸ ਨੇ ਕਾਰ ਚਾਲਕ ਤਰੁਣ ਵਾਸੀ ਸੈਕਟਰ-38 ਸੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਰਾਮ ਪ੍ਰੀਤ ਵਾਸੀ ਸੈਕਟਰ-56 ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕਾਰ ਚਾਲਕ ਨੇ ਆਪਣੀ ਕਾਰ ਤੇਜ਼ ਰਫ਼ਤਾਰ ਵਿੱਚ ਲਿਆ ਕੇ ਥ੍ਰੀ ਵ੍ਹੀਲਰ ਵਿੱਚ ਟੱਕਰ ਮਾਰ ਦਿੱਤੀ, ਜਿਸ ਕਰਕੇ ਥ੍ਰੀ-ਵ੍ਹੀਲਰ ਚਾਲਕ ਜ਼ਖ਼ਮੀ ਹੋ ਗਿਆ। ਥਾਣਾ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All